ਸੰਗਰੂਰ ‘ਚ ਸੀ.ਬੀ.ਆਈ. ਛਾਪੇ ਦੌਰਾਨ ਹੰਗਾਮਾ, ਐੱਸ.ਐੱਚ.ਓ. ਯਸ਼ਪਾਲ ਸ਼ਰਮਾ ਮੁਅੱਤਲ
ਸੰਗਰੂਰ: ਸੰਗਰੂਰ ਦੇ ਪਿੰਡ ਘਰਾਚੋਂ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਓਐੱਸਡੀ ਰਾਜਬੀਰ ਸਿੰਘ ਘੁੰਮਣ ਦੇ ਘਰ ਸੀਬੀਆਈ ਦੀ ਛਾਪੇਮਾਰੀ ਦੌਰਾਨ ਅਜਿਹਾ ਮਾਹੌਲ ਬਣਿਆ ਕਿ ਲੋਕਾਂ ਵੱਲੋਂ ਜਾਂਚ ਟੀਮ ਦਾ ਫੁੱਲਾਂ ਅਤੇ ਢੋਲ ਨਾਲ ਸਵਾਗਤ ਕੀਤਾ ਗਿਆ। ਕੁਝ ਲੋਕਾਂ ਨੇ ਸੀਬੀਆਈ ਅਧਿਕਾਰੀਆਂ ਦੀਆਂ ਗੱਡੀਆਂ ’ਤੇ ਫੁੱਲਾਂ ਦੀਆਂ ਪੰਖੁੜੀਆਂ ਵੀ ਸੁੱਟੀਆਂ ਅਤੇ ਮਿਠਾਈ ਵੰਡੀ।ਇਸ ਘਟਨਾ ਤੋਂ ਬਾਅਦ ਸੰਗਰੂਰ ਪੁਲਿਸ ਨੇ ਭਵਾਨੀਗੜ੍ਹ ਦੇ ਐੱਸਐੱਚਓ ਯਸ਼ਪਾਲ ਸ਼ਰਮਾ ਨੂੰ ਡਿਊਟੀ ਵਿੱਚ ਕਥਿਤ ਲਾਪਰਵਾਹੀ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਵਿੱਚ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਅਧਿਕਾਰੀਆਂ ਮੁਤਾਬਕ ਮੁੱਖ ਮੰਤਰੀ ਦੇ ਸੰਗਰੂਰ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਕਾਰਵਾਈ ਕੀਤੀ ਗਈ।ਸੀਬੀਆਈ ਵੱਲੋਂ ਰਾਜਬੀਰ ਸਿੰਘ ਘੁੰਮਣ ਅਤੇ ਹੋਰ ਵਿਅਕਤੀਆਂ ਖ਼ਿਲਾਫ਼ ਦਰਜ ਮਾਮਲੇ ਦੀ ਜਾਂਚ ਤਹਿਤ ਪੰਜਾਬ ਵਿੱਚ ਅੱਠ ਥਾਵਾਂ ’ਤੇ ਤਲਾਸ਼ੀ ਲਈ ਗਈ। ਇਨ੍ਹਾਂ ਵਿੱਚ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਦਾ ਕੈਂਪ ਦਫ਼ਤਰ ਅਤੇ ਸੰਗਰੂਰ ਤੋਂ ਇਲਾਵਾ ਮੋਹਾਲੀ, ਗੁਰਦਾਸਪੁਰ, ਲੁਧਿਆਣਾ, ਪਟਿਆਲਾ ਅਤੇ ਜਲੰਧਰ ਨਾਲ ਜੁੜੀਆਂ ਥਾਵਾਂ ਸ਼ਾਮਲ ਹਨ। ਜਾਂਚ ਦੌਰਾਨ ਲੈਪਟਾਪ, ਮੋਬਾਈਲ ਫੋਨ ਅਤੇ ਦਸਤਾਵੇਜ਼ ਵੀ ਕਬਜ਼ੇ ਵਿੱਚ ਲਏ ਗਏ ਹਨ।ਇਸ ਮਾਮਲੇ ਨੂੰ ਲੈ ਕੇ ਪੰਜਾਬ ਦੀ ਸਿਆਸਤ ਵਿੱਚ ਵੀ ਤਣਾਅ ਵਧਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਸੀਬੀਆਈ ਕਾਰਵਾਈ ’ਤੇ ਸਵਾਲ ਚੁੱਕਦਿਆਂ ਦਾਅਵਾ ਕੀਤਾ ਕਿ ਛਾਪਿਆਂ ਦੌਰਾਨ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਦੂਜੇ ਪਾਸੇ, ਸੀਬੀਆਈ ਦੀ ਜਾਂਚ ਕਥਿਤ ਭ੍ਰਿਸ਼ਟਾਚਾਰ, ਅਧਿਕਾਰੀਆਂ ਦੀਆਂ ਪੋਸਟਿੰਗ-ਟ੍ਰਾਂਸਫਰ ਅਤੇ ਹੋਰ ਸਰਕਾਰੀ ਮਾਮਲਿਆਂ ਵਿੱਚ ਪ੍ਰਭਾਵ ਪਾਉਣ ਦੇ ਦੋਸ਼ਾਂ ਨਾਲ ਸਬੰਧਤ ਹੈ। ਇਹ ਦੋਸ਼ ਹਾਲੇ ਜਾਂਚ ਅਧੀਨ ਹਨ।
SikhDiary