ਸਿਵਲ ਕੰਸਟ੍ਰਕਸ਼ਨ ਵਿੰਗ ਦਾ ਅਧਿਕਾਰੀ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ
ਚੰਡੀਗੜ੍ਹ : ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਨੇ ਸੈਕਟਰ-37 ਸਥਿਤ ਦੂਰਦਰਸ਼ਨ ਕੇਂਦਰ ਦੇ ਅਹਾਤੇ ‘ਚ ਸਿਵਲ ਕੰਸਟ੍ਰਕਸ਼ਨ ਵਿੰਗ (ਸੀ. ਸੀ. ਡਬਲਿਊ.) ਦੇ ਇਕ ਅਧਿਕਾਰੀ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੋਸ਼ੀ ਅਧਿਕਾਰੀ ‘ਤੇ ਟਾਈਲਾਂ ਲਗਾਉਣ ਦੀ ਇਜਾਜ਼ਤ ਦੇ ਬਦਲੇ ਠੇਕੇਦਾਰ ਤੋਂ ਰਿਸ਼ਵਤ ਮੰਗਣ ਦਾ ਦੋਸ਼ ਹੈ। ਸੀ.ਬੀ.ਆਈ. ਨੇ ਦੋਸ਼ੀ ਅਧਿਕਾਰੀ ਰਾਏ ਦੇ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਖ਼ਬਰ ਲਿਖੇ ਜਾਣ ਤੱਕ ਸੀ.ਬੀ.ਆਈ. ਦੀ ਟੀਮ ਦੇਰ ਰਾਤ ਤੱਕ ਮੁਲਜ਼ਮਾਂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਅਤੇ ਜਾਂਚ ਵਿੱਚ ਲੱਗੀ ਹੋਈ ਸੀ।ਸ਼ਿਕਾਇਤਕਰਤਾ ਠੇਕੇਦਾਰ ਅਨੁਸਾਰ ਉਸ ਨੇ ਸੈਕਟਰ-37 ਸਥਿਤ ਦੂਰਦਰਸ਼ਨ ਦਫ਼ਤਰ ਵਿੱਚ ਟਾਈਲਾਂ ਲਗਾਉਣ ਦਾ ਠੇਕਾ ਲਿਆ ਸੀ। ਦੋਸ਼ ਹੈ ਕਿ ਸੀ.ਸੀ.ਡਬਲਿਊ. ਅਧਿਕਾਰੀ ਨੇ ਪਹਿਲਾਂ ਕੰਮ ਕਰਵਾਉਣ ਲਈ 2 ਲੱਖ ਰੁਪਏ ਦੀ ਰਿਸ਼ਵਤ ਮੰਗੀ ਪਰ ਬਾਅਦ ਵਿੱਚ 30 ਹਜ਼ਾਰ ਰੁਪਏ ਵਿੱਚ ਸੌਦਾ ਤੈਅ ਹੋ ਗਿਆ। ਸ਼ਿਕਾਇਤ ਮਿਲਣ ਤੋਂ ਬਾਅਦ ਸੀ.ਬੀ.ਆਈ. ਨੇ ਜਾਲ ਵਿਛਾ ਕੇ ਦੋਸ਼ੀ ਅਧਿਕਾਰੀ ਨੂੰ 30 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ।
SikhDiary