ਟਰੈਕਟਰ ਚੋਰੀ ਦੇ ਮਾਮਲੇ ‘ਚ ਵੱਡੀ ਕਾਰਵਾਈ, 3 ਵਿਅਕਤੀ ਕਾਬੂ
ਖਰੜ : ਪੁਲਿਸ ਨੇ ਟਰੈਕਟਰ ਚੋਰੀ ਦੇ ਮਾਮਲੇ ‘ਚ ਵੱਡੀ ਕਾਰਵਾਈ ਕੀਤੀ ਹੈ। ਥਾਣਾ ਸਦਰ ਖਰੜ ਦੀ ਪੁਲਿਸ ਨੇ ਟਰੈਕਟਰ ਚੋਰੀ ਦੇ ਮਾਮਲਿਆਂ ਦੀ ਜਾਂਚ ਕਰਦੇ ਹੋਏ 3 ਵਿਅਕਤੀਆਂ ਨੂੰ ਕਾਬੂ ਕੀਤਾ ਹੈ । ਇਸ ਦੌਰਾਨ ਉਨ੍ਹਾਂ ਦੇ ਕਬਜ਼ੇ ‘ਚੋਂ 4 ਟਰੈਕਟਰ, 3 ਟਰਾਲੀਆਂ, ਟੋਆ ਪੁੱਟਣ ਵਾਲੀ ਮਸ਼ੀਨ ਅਤੇ 8 ਰੋਲ ਬਿਜਲੀ ਦੀਆਂ ਸਟੀਲ ਦੀਆਂ ਤਾਰਾਂ ਬਰਾਮਦ ਕੀਤੀਆਂ ਗਈਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ. ਖਰੜ-1 ਈਸ਼ਾਨ ਸਿੰਗਲਾ ਅਤੇ ਥਾਣਾ ਸਦਰ ਖਰੜ ਦੇ ਐਸ.ਐਚ.ਓ. ਇੰਸਪੈਕਟਰ ਸੁਨੀਲ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਦਰਜ ਕੀਤੇ ਕੇਸ ਅਨੁਸਾਰ ਮਹਿੰਦਰਾ 265 ਡੀ.ਆਈ ਟਰੈਕਟਰ ਨੰਬਰ (ਯੂ.ਪੀ23 ਏ.ਯੂ2516) 29 ਜੁਲਾਈ 2026 ਨੂੰ ਚੋਰੀ ਹੋ ਗਿਆ ਸੀ।ਇਸ ਸਬੰਧੀ ਥਾਣਾ ਸਦਰ ਖਰੜ ਵਿਖੇ ਕੇਸ ਦਰਜ ਕੀਤਾ ਗਿਆ ਸੀ। ਇਸੇ ਤਰ੍ਹਾਂ 7 ਸਤੰਬਰ ਦੀ ਰਾਤ ਨੂੰ ਮਹਿੰਦਰਾ ਸਵਰਾਜ 744 ਟਰੈਕਟਰ ਨੰਬਰ (ਪੀ.ਬੀ.27 ਐਮ 7957) ਚੋਰੀ ਹੋਣ ਸਬੰਧੀ 10 ਸਤੰਬਰ ਨੂੰ ਮਾਮਲਾ ਦਰਜ ਕੀਤਾ ਗਿਆ ਸੀ। ਪੁਲਿਸ ਅਨੁਸਾਰ ਜਾਂਚ ਦੌਰਾਨ ਸ਼ੇਰਾ ਪੁੱਤਰ ਰਾਜੂ ਵਾਸੀ ਪਿੰਡ ਸਾਹਿਬਾਜਪੁਰ ਰੋਡ ਹਨੂੰਮਾਨ ਮੰਦਰ ਨੇੜੇ ਰਾਏਕੋਟ, ਲੁਧਿਆਣਾ ਨੂੰ ਕਾਬੂ ਕੀਤਾ ਗਿਆ ਸੀ।ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਦੇ ਆਧਾਰ ‘ਤੇ ਹਿਮਾਂਸ਼ੂ ਕੁਮਾਰ ਪੁੱਤਰ ਧਰਮਪਾਲ ਸਿੰਘ ਵਾਸੀ ਪਿੰਡ ਰਾਮ ਸ਼ੇਰਗੜ੍ਹ, ਥਾਣਾ ਹਸਨਪੁਰ ਜ਼ਿਲ੍ਹਾ ਅਮਰੋਹਾ, ਉੱਤਰ ਪ੍ਰਦੇਸ਼ ਨੂੰ ਮੇਰਠ ਤੋਂ ਕਾਬੂ ਕੀਤਾ ਗਿਆ । ਪੁਲਿਸ ਦਾ ਕਹਿਣਾ ਹੈ ਕਿ ਪੁੱਛਗਿੱਛ ਦੌਰਾਨ ਹਿਮਾਂਸ਼ੂ ਕੁਮਾਰ ਨੇ ਇਕ ਟਰੈਕਟਰ ਚੋਰੀ ਹੋਣ ਦੀ ਜਾਣਕਾਰੀ ਦਿੱਤੀ, ਜਿਸ ਦੇ ਆਧਾਰ ‘ਤੇ ਥਾਣਾ ਸਦਰ ਖਰੜ ਦੀ ਟੀਮ ਨੇ 4 ਟਰੈਕਟਰ ਅਤੇ 3 ਟਰਾਲੀਆਂ ਬਰਾਮਦ ਕੀਤੀਆਂ।ਇਸ ਤੋਂ ਬਾਅਦ, ਸਮੀਰ ਅੰਸਾਰੀ ਪੁੱਤਰ ਹਮਦ ਅੰਸਾਰੀ ਵਾਸੀ ਨਿਊ ਸਲੇਮਪੁਰ, ਪੂਰਬੀ ਦਿੱਲੀ ਨੂੰ ਪੁੱਛਗਿੱਛ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਅਨੁਸਾਰ ਉਸ ਕੋਲੋਂ ਇੱਕ ਟੋਆ ਪੁੱਟਣ ਵਾਲੀ ਮਸ਼ੀਨ ਅਤੇ ਬਿਜਲੀ ਦੀਆਂ ਸਟੀਲ ਦੀਆਂ ਤਾਰਾਂ ਦੇ 8 ਰੋਲ ਬਰਾਮਦ ਹੋਏ ਹਨ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ੇਰਾ, ਹਿਮਾਂਸ਼ੂ ਕੁਮਾਰ ਅਤੇ ਸਮੀਰ ਅੰਸਾਰੀ ਵਜੋਂ ਹੋਈ ਹੈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਪੁਲਿਸ ਇਸ ਮਾਮਲੇ ਨਾਲ ਸਬੰਧਤ ਹੋਰ ਚੋਰੀਆਂ ਜਾਂ ਵਿਅਕਤੀਆਂ ਦੀ ਵੀ ਜਾਂਚ ਕਰ ਰਹੀ ਹੈ।
SikhDiary