ਲੁਧਿਆਣਾ ‘ਚ ਪੁਲਿਸ ਐਕਸ਼ਨ: ਮੁਕਾਬਲੇ ਦੌਰਾਨ 2 ਗੈਂਗਸਟਰ ਮਾਰੇ ਗਏ

ਲੁਧਿਆਣਾ: ਮਹਾਨਗਰ ਲੁਧਿਆਣਾ ਵਿੱਚ ਬੀਤੇ ਦਿਨੀਂ ਉਸ ਸਮੇਂ ਹਲਚਲ ਮਚ ਗਈ, ਜਦੋਂ ਆਤਮ ਪਾਰਕ ਇਲਾਕੇ ਵਿੱਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ ਹੋ ਗਿਆ। ਐਂਟੀ-ਗੈਂਗਸਟਰ ਟਾਸਕ ਫੋਰਸ ਅਤੇ ਲੁਧਿਆਣਾ ਕਮਿਸ਼ਨਰੇਟ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਹੋਈ ਫਾਇਰਿੰਗ ਵਿੱਚ ਦੋ ਕਥਿਤ ਗੈਂਗਸਟਰ ਮਾਰੇ ਜਾਣ ਦੀ ਜਾਣਕਾਰੀ ਸਾਹਮਣੇ ਆਈ ਹੈ।ਮਿਲੀ ਜਾਣਕਾਰੀ ਅਨੁਸਾਰ ਪੁਲਸ ਨੂੰ ਇਨਪੁੱਟ ਮਿਲੀ ਸੀ ਕਿ ਵਿਦੇਸ਼ ਵਿੱਚ ਬੈਠੇ ਇੱਕ ਗੈਂਗਸਟਰ ਨਾਲ ਜੁੜੇ ਕੁਝ ਹਥਿਆਰਬੰਦ ਵਿਅਕਤੀ ਲੁਧਿਆਣਾ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਹੇ ਹਨ। ਇਸ ਸੂਚਨਾ ਤੋਂ ਬਾਅਦ ਪੁਲਿਸ ਟੀਮਾਂ ਨੇ ਆਤਮ ਪਾਰਕ ਦੇ ਨੇੜੇ ਸ਼ੱਕੀ ਕਾਰ ਦੀ ਘੇਰਾਬੰਦੀ ਕੀਤੀ।ਪੁਲਿਸ ਮੁਤਾਬਕ ਜਦੋਂ ਕਾਰ ਸਵਾਰਾਂ ਨੂੰ ਆਪਣੇ ਆਪ ਨੂੰ ਘਿਰਿਆ ਹੋਇਆ ਮਹਿਸੂਸ ਹੋਇਆ ਤਾਂ ਉਨ੍ਹਾਂ ਵੱਲੋਂ ਪੁਲਿਸ ਟੀਮ ‘ਤੇ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਕੀਤੀ। ਦੱਸਿਆ ਜਾ ਰਿਹਾ ਹੈ ਕਿ ਮੁਕਾਬਲੇ ਦੌਰਾਨ ਕੁੱਲ 25 ਤੋਂ ਵੱਧ ਰਾਊਂਡ ਫਾਇਰ ਹੋਏ।ਕਾਰਵਾਈ ਤੋਂ ਬਾਅਦ ਪੁਲਿਸ ਨੇ ਮੌਕੇ ਤੋਂ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਵੀ ਘਟਨਾ ਸਥਾਨ ‘ਤੇ ਪਹੁੰਚੇ। ਫੋਰੈਂਸਿਕ ਟੀਮਾਂ ਵੱਲੋਂ ਵੀ ਮੌਕੇ ਤੋਂ ਸਬੂਤ ਇਕੱਠੇ ਕੀਤੇ ਗਏ।ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ ਦੌਰਾਨ 3 ਆਟੋਮੈਟਿਕ 9 ਐੱਮ.ਐੱਮ. ਪਿਸਤੌਲ, ਮੈਗਜ਼ੀਨ ਅਤੇ ਕਈ ਕਾਰਤੂਸ ਬਰਾਮਦ ਹੋਣ ਦੀ ਗੱਲ ਕਹੀ ਗਈ ਹੈ।ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਦੇ ਹਵਾਲੇ ਨਾਲ ਸਾਹਮਣੇ ਆਇਆ ਹੈ ਕਿ ਇਸ ਮਾਮਲੇ ਦੀਆਂ ਤਾਰਾਂ 2016 ਵਿੱਚ ਹੋਏ ਰਵੀ ਖਵਾਜਕੇ ਹੱਤਿਆਕਾਂਡ ਨਾਲ ਜੁੜੀਆਂ ਹੋ ਸਕਦੀਆਂ ਹਨ। ਪੁਲਿਸ ਨੂੰ ਸ਼ੱਕ ਹੈ ਕਿ ਆਤਮ ਪਾਰਕ ਨੇੜੇ ਰਵੀ ਖਵਾਜਕੇ ਦੀ ਯਾਦ ਵਿੱਚ ਕਰਵਾਏ ਜਾ ਰਹੇ ਖੂਨਦਾਨ ਕੈਂਪ ਦੌਰਾਨ ਕੁਝ ਵਿਅਕਤੀਆਂ ਨੂੰ ਨਿਸ਼ਾਨਾ ਬਣਾਉਣ ਦੀ ਸਾਜ਼ਿਸ਼ ਸੀ।ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਕਾਬਲੇ ਵਿੱਚ ਮਾਰੇ ਗਏ ਦੋਵੇਂ ਵਿਅਕਤੀ ਅੰਮ੍ਰਿਤਸਰ ਨਾਲ ਸਬੰਧਤ ਸਨ। ਪੁਲਿਸ ਮੁਤਾਬਕ ਉਹ ਵਿਦੇਸ਼ ਵਿੱਚ ਬੈਠੇ ਗੈਂਗਸਟਰ ਜੌਨੀ ਬਲ ਦੇ ਸੰਪਰਕ ਵਿੱਚ ਸਨ ਅਤੇ ਉਨ੍ਹਾਂ ਨੂੰ ਵਾਰਦਾਤ ਲਈ ਗੱਡੀ ਤੇ ਹਥਿਆਰ ਮੁਹੱਈਆ ਕਰਵਾਏ ਗਏ ਸਨ।ਫਿਲਹਾਲ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਕਾਬਲੇ ਅਤੇ ਬਰਾਮਦ ਕੀਤੇ ਹਥਿਆਰਾਂ ਨਾਲ ਸਬੰਧਤ ਹਰ ਪਹਿਲੂ ਦੀ ਜਾਂਚ ਕੀਤੀ ਜਾ ਰਹੀ ਹੈ।