ਮਠਿਆਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਕੇ ਸ਼ੱਕ ਦੇ ਆਧਾਰ ‘ਤੇ 75 ਕਿਲੋ ਪਨੀਰ ਕੀਤਾ ਗਿਆ ਜ਼ਬਤ

ਜਲੰਧਰ : ਮਿਲਾਵਟੀ ਅਤੇ ਘਟੀਆ ਮਿਆਰੀ ਖਾਣ-ਪੀਣ ਵਾਲੀਆਂ ਵਸਤਾਂ ਦੀ ਵਿਕਰੀ ਨੂੰ ਰੋਕਣ ਲਈ ਚਲਾਈ ਜਾ ਰਹੀ ਮੁਹਿੰਮ ਅਤੇ ਤਿਉਹਾਰਾਂ ਦੇ ਮੱਦੇਨਜ਼ਰ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਨੇ ਬੀਤੇ ਦਿਨ ਮਠਿਆਈਆਂ ਦੀਆਂ ਦੁਕਾਨਾਂ ‘ਤੇ ਛਾਪੇਮਾਰੀ ਕਰਕੇ ਸ਼ੱਕ ਦੇ ਆਧਾਰ ‘ਤੇ 75 ਕਿਲੋ ਪਨੀਰ ਜ਼ਬਤ ਕੀਤਾ ਅਤੇ ਖੋਆ ਅਤੇ ਪਨੀਰ ਦੇ 14 ਸੈਂਪਲ ਵੀ ਲਏ।ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਪੰਜਾਬ ਕਵਨਲਪ੍ਰੀਤ ਕੌਰ ਅਤੇ ਡਿਪਟੀ ਕਮਿਸ਼ਨਰ ਜਲੰਧਰ ਵਰਜੀਤ ਵਾਲੀਆ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਿਵਲ ਸਰਜਨ ਡਾ: ਰਾਜੇਸ਼ ਗਰਗ ਦੇ ਆਦੇਸ਼ਾਂ ਅਨੁਸਾਰ ਸਹਾਇਕ ਕਮਿਸ਼ਨਰ ਫੂਡ ਰਾਜਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਫੂਡ ਸੇਫਟੀ ਅਫ਼ਸਰ ਮੁਕੁਲ ਗਿੱਲ, ਰੋਬਿਨ ਕੁਮਾਰ ਅਤੇ ਰਾਸ਼ੂ ਮਹਾਜਨ ਦੀ ਟੀਮ ਨੇ ਕਿਸ਼ਮਪੁਰਾ ਚੌਕ ਤੋਂ 50 ਕਿਲੋ ਪਨੀਰ ਅਤੇ ਕੈਂਟ ਖੇਤਰ ਤੋਂ ਇੱਕ ਵਾਹਨ ਅਤੇ ਹਲਵਾਈ ਦੀ ਦੁਕਾਨ ਤੋਂ 25 ਕਿਲੋ ਪਨੀਰ ਆਪਣੇ ਕਬਜੇ ਵਿੱਚ ਲਿਆ ।ਇਸ ਤੋਂ ਇਲਾਵਾ ਟੀਮ ਨੇ ਸੰਤੋਖਪੁਰਾ ਅਤੇ ਗੁਰੂ ਤੇਗ ਬਹਾਦਰ ਨਗਰ ਵਿਖੇ ਸਥਿਤ ਹਲਵਾਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਅਤੇ ਉਥੋਂ ਖੋਏ ਅਤੇ ਪਨੀਰ ਦੇ 14 ਸੈਂਪਲ ਲਏ। ਟੀਮ ਵੱਲੋਂ ਲਏ ਗਏ ਸਾਰੇ ਸੈਂਪਲ ਗੁਣਵੱਤਾ ਜਾਂਚ ਲਈ ਸਟੇਟ ਲੈਬਾਰਟਰੀ ਨੂੰ ਭੇਜ ਦਿੱਤੇ ਗਏ ਹਨ ਅਤੇ ਜਿਨ੍ਹਾਂ ਦੁਕਾਨਦਾਰਾਂ ਦੇ ਸੈਂਪਲ ਫੇਲ ਹੋਣਗੇ ਉਨ੍ਹਾਂ ਖ਼ਿਲਾਫ਼ ਅਗਲੀ ਕਾਰਵਾਈ ਕੀਤੀ ਜਾਵੇਗੀ।ਮਿਲਾਵਟਖੋਰਾਂ ਵਿਰੁੱਧ ਫੂਡ ਸਟੈਂਡਰਡ ਸੇਫਟੀ ਐਕਟ-2006 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਸਹਾਇਕ ਕਮਿਸ਼ਨਰ ਫੂਡ ਰਜਿੰਦਰ ਪਾਲ ਸਿੰਘ ਨੇ ਇਕ ਵਾਰ ਫਿਰ ਖਾਣ-ਪੀਣ ਦੀਆਂ ਵਸਤੂਆਂ ਬਣਾਉਣ ਅਤੇ ਵੇਚਣ ਵਾਲਿਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਖਾਣ-ਪੀਣ ਦੀਆਂ ਵਸਤਾਂ ਦੇ ਸੈਂਪਲ ਭਰਨ ਦੀ ਮੁਹਿੰਮ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਕੋਈ ਵੀ ਦੁਕਾਨਦਾਰ ਮਿਲਾਵਟੀ ਜਾਂ ਘਟੀਆ ਕੁਆਲਿਟੀ ਦਾ ਖਾਣ-ਪੀਣ ਦਾ ਸਮਾਨ ਨਾ ਵੇਚੇ, ਨਹੀਂ ਤਾਂ ਅਜਿਹੇ ਦੁਕਾਨਦਾਰਾਂ ਵਿਰੁੱਧ ਫੂਡ ਸਟੈਂਡਰਡ ਸੇਫਟੀ ਐਕਟ 2006 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸਹਾਇਕ ਕਮਿਸ਼ਨਰ ਫੂਡ ਨੇ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਫੂਡ ਬਿਜ਼ਨਸ ਸੰਚਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੀਆਂ ਦੁਕਾਨਾਂ ‘ਤੇ ਫੂਡ ਸੇਫਟੀ ਲਾਇਸੰਸ ਰੱਖਣ ਅਤੇ ਸਾਫ਼-ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ।