ਜਲੰਧਰ ‘ਚ ਸ਼ੋਅਰੂਮ ‘ਤੇ ਫਾਇਰਿੰਗ ਦੀ ਸਾਜ਼ਿਸ਼ ਨਾਕਾਮ…

ਜਲੰਧਰ: ਜਮਸ਼ੇਰਪੁਰ ਵਿੱਚ ਡੇਅਰੀ ਕੰਪਲੈਕਸ ਨੇੜੇ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਕਾਬਲਾ ਹੋਣ ਦੀ ਸੂਚਨਾ ਮਿਲੀ ਹੈ। ਪੁਲਿਸ ਮੁਤਾਬਕ ਇੱਕ ਮੁਲਜ਼ਮ ਹਥਿਆਰ ਦੀ ਬਰਾਮਦਗੀ ਲਈ ਲਿਜਾਇਆ ਜਾ ਰਿਹਾ ਸੀ, ਇਸ ਦੌਰਾਨ ਉਸ ਨੇ ਪੁਲਿਸ ਤੋਂ ਬਚ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਫਾਇਰਿੰਗ ਕੀਤੀ। ਜਵਾਬੀ ਕਾਰਵਾਈ ਦੌਰਾਨ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ।ਪੁਲਿਸ ਨੇ ਜ਼ਖਮੀ ਮੁਲਜ਼ਮ ਦੀ ਪਛਾਣ ਸੁਖਜਿੰਦਰ ਸਿੰਘ ਉਰਫ਼ ਪ੍ਰਿੰਸ ਵਾਸੀ ਤਰਨਤਾਰਨ ਵਜੋਂ ਕੀਤੀ ਹੈ। ਮੌਕੇ ਤੋਂ ਗੋਲੀ ਦਾ ਖੋਲ ਵੀ ਬਰਾਮਦ ਹੋਇਆ ਹੈ। ਪੁਲਿਸ ਅਨੁਸਾਰ ਮੁਕਾਬਲੇ ਦੌਰਾਨ ਕੁੱਲ ਤਿੰਨ ਗੋਲੀਆਂ ਚੱਲੀਆਂ।ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਸ਼ਨੀਵਾਰ ਇੱਕ ਸ਼ੋਅਰੂਮ ‘ਤੇ ਫਾਇਰਿੰਗ ਕਰਨ ਦੀ ਯੋਜਨਾ ਬਣਾਈ ਗਈ ਸੀ। ਹਾਲਾਂਕਿ ਸ਼ੋਅਰੂਮ ਮਾਲਕ ਨੂੰ ਕਿਸੇ ਤਰ੍ਹਾਂ ਦੀ ਧਮਕੀ ਭਰੀ ਕਾਲ ਨਹੀਂ ਆਈ ਸੀ। ਪੁਲਿਸ ਟੀਮ ਨੇ ਸਰਕਾਰੀ ਕੈਮਰਿਆਂ ਦੀ ਫੁਟੇਜ ਦੇ ਆਧਾਰ ‘ਤੇ ਮਾਮਲੇ ਦੀ ਜਾਂਚ ਕਰਦਿਆਂ ਮੁਲਜ਼ਮਾਂ ਤੱਕ ਪਹੁੰਚ ਕੀਤੀ।ਜਾਂਚ ਦੌਰਾਨ ਸਾਹਮਣੇ ਆਇਆ ਕਿ ਤਰਨਤਾਰਨ ਦੇ ਕਾਕਾ ਕੰਡਿਆਲਾ ਪਿੰਡ ਨਾਲ ਸਬੰਧਤ ਕੁਝ ਨੌਜਵਾਨ ਇਸ ਕਥਿਤ ਸਾਜ਼ਿਸ਼ ਵਿੱਚ ਸ਼ਾਮਲ ਸਨ। ਪੁਲਿਸ ਮੁਤਾਬਕ ਸੁਖਜਿੰਦਰ ਸਿੰਘ ਉਰਫ਼ ਪ੍ਰਿੰਸ ਅਤੇ ਸਹਿਜਦੀਪ ਨੇ ਵਾਰਦਾਤ ਨੂੰ ਅੰਜਾਮ ਦੇਣ ਲਈ ਹਥਿਆਰ ਜਮਸ਼ੇਰ ਇਲਾਕੇ ਵਿੱਚ ਲੁਕਾ ਦਿੱਤੇ ਸਨ।ਪੁਲਿਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛਗਿੱਛ ਕੀਤੀ। ਪੁੱਛਗਿੱਛ ਵਿੱਚ ਕਥਿਤ ਤੌਰ ‘ਤੇ ਸਾਹਮਣੇ ਆਇਆ ਕਿ ਸਹਿਜਦੀਪ ਨੇ ਸ਼ੋਅਰੂਮ ‘ਤੇ ਫਾਇਰਿੰਗ ਦੀ ਕੋਸ਼ਿਸ਼ ਕੀਤੀ ਸੀ। ਇਸ ਤੋਂ ਬਾਅਦ ਪੁਲਿਸ ਪ੍ਰਿੰਸ ਨੂੰ ਹਥਿਆਰ ਬਰਾਮਦ ਕਰਨ ਲਈ ਜਮਸ਼ੇਰਪੁਰ ਦੇ ਡੇਅਰੀ ਕੰਪਲੈਕਸ ਨੇੜੇ ਲੈ ਕੇ ਆਈ ਸੀ।ਇਸ ਦੌਰਾਨ ਪ੍ਰਿੰਸ ਨੇ ਪੁਲਿਸ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਪੁਲਿਸ ਵੱਲੋਂ ਜਵਾਬੀ ਕਾਰਵਾਈ ਕੀਤੀ ਗਈ, ਜਿਸ ਦੌਰਾਨ ਉਹ ਜ਼ਖਮੀ ਹੋ ਗਿਆ।ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਸ਼ਨਪ੍ਰੀਤ ਨਾਮਕ ਇੱਕ ਹੋਰ ਨੌਜਵਾਨ ਵੀ ਸ਼ਾਮਲ ਸੀ। ਹਾਲਾਂਕਿ ਉਹ ਕਥਿਤ ਵਾਰਦਾਤ ਵਾਲੇ ਦਿਨ ਮੌਕੇ ‘ਤੇ ਨਹੀਂ ਗਿਆ ਸੀ, ਪਰ ਪੁਲਿਸ ਮੁਤਾਬਕ ਤਿੰਨਾਂ ਨੇ ਮਿਲ ਕੇ ਯੋਜਨਾ ਬਣਾਈ ਸੀ। ਪੁਲਿਸ ਜਸ਼ਨਪ੍ਰੀਤ ਨੂੰ ਵੀ ਜਲਦ ਗ੍ਰਿਫ਼ਤਾਰ ਕਰਨ ਦੀ ਗੱਲ ਕਹਿ ਰਹੀ ਹੈ।ਸੀਪੀ ਸਤਿੰਦਰ ਸਿੰਘ ਨੇ ਇਹ ਵੀ ਦੱਸਿਆ ਕਿ ਜਸ਼ਨਪ੍ਰੀਤ ਦੀ ਮਾਂ ਨੂੰ ਕਥਿਤ ਸਾਜ਼ਿਸ਼ ਬਾਰੇ ਜਾਣਕਾਰੀ ਹੋਣ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।