ਫੁੱਲਾਂ ਨਾਲ ਸਜਿਆ ਸੱਚਖੰਡ ਸ੍ਰੀ ਦਰਬਾਰ ਸਾਹਿਬ, ਦਰਸ਼ਨਾਂ ਲਈ ਵੱਡੀ ਗਿਣਤੀ ‘ਚ ਪਹੁੰਚੀ ਸੰਗਤ

ਅੰਮ੍ਰਿਤਸਰ: ਸਿੱਖ ਧਰਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਤੋਂ ਇੱਕ ਦਿਨ ਪਹਿਲਾਂ ਹੀ ਸੰਗਤਾਂ ਦੀ ਭਾਰੀ ਆਮਦ ਦੇਖਣ ਨੂੰ ਮਿਲੀ। ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਸੰਗਤਾਂ ਅੰਮ੍ਰਿਤਸਰ ਪਹੁੰਚੀਆਂ ਅਤੇ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ।ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਗਈ ਫੁੱਲਾਂ ਦੀ ਅਲੌਕਿਕ ਅਤੇ ਮਨਮੋਹਕ ਸਜਾਵਟ ਸੰਗਤਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ। ਰੰਗ-ਬਿਰੰਗੇ ਫੁੱਲਾਂ ਨਾਲ ਕੀਤੀ ਗਈ ਖੂਬਸੂਰਤ ਸਜਾਵਟ ਨੇ ਪੂਰੇ ਗੁਰੂ ਘਰ ਦੀ ਸੁੰਦਰਤਾ ਨੂੰ ਹੋਰ ਵੀ ਚਾਰ ਚੰਨ ਲਾ ਦਿੱਤੇ। ਇਸ ਮਨਮੋਹਕ ਦ੍ਰਿਸ਼ ਨੂੰ ਦੇਖ ਕੇ ਸੰਗਤਾਂ ਵਿੱਚ ਭਾਰੀ ਉਤਸ਼ਾਹ ਅਤੇ ਖੁਸ਼ੀ ਦੇਖਣ ਨੂੰ ਮਿਲੀ।ਦੂਰ-ਦੁਰਾਡੇ ਦੇ ਸ਼ਹਿਰਾਂ ਅਤੇ ਪਿੰਡਾਂ ਤੋਂ ਪਰਿਵਾਰਾਂ ਸਮੇਤ ਪਹੁੰਚੀਆਂ ਸੰਗਤਾਂ ਨੇ ਲੰਬੀਆਂ ਕਤਾਰਾਂ ਵਿੱਚ ਖੜ੍ਹ ਕੇ ਪੂਰੀ ਸ਼ਰਧਾ ਅਤੇ ਅਨੁਸ਼ਾਸਨ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਸੰਗਤਾਂ ਨੇ ਧੰਨ-ਧੰਨ ਸ੍ਰੀ ਗੁਰੂ ਰਾਮਦਾਸ ਜੀ ਦਾ ਸ਼ੁਕਰਾਨਾ ਕਰਦਿਆਂ ਕਿਹਾ ਕਿ ਗੁਰੂ ਘਰ ਵਿਖੇ ਆ ਕੇ ਮਨ ਨੂੰ ਅਪਾਰ ਸਕੂਨ, ਮਾਨਸਿਕ ਸ਼ਾਂਤੀ ਅਤੇ ਰੂਹਾਨੀ ਖੁਸ਼ੀ ਪ੍ਰਾਪਤ ਹੁੰਦੀ ਹੈ।ਗੁਰਪੁਰਬ ਦੇ ਮੱਦੇਨਜ਼ਰ ਸੰਗਤਾਂ ਦੀ ਵੱਡੀ ਆਮਦ ਨੂੰ ਦੇਖਦਿਆਂ ਪ੍ਰਬੰਧਕਾਂ ਵੱਲੋਂ ਵੀ ਵਿਸ਼ੇਸ਼ ਪ੍ਰਬੰਧ ਕੀਤੇ ਗਏ। ਕੋਸ਼ਿਸ਼ ਕੀਤੀ ਗਈ ਕਿ ਸ਼ਰਧਾਲੂਆਂ ਨੂੰ ਦਰਸ਼ਨ ਕਰਨ ਦੌਰਾਨ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।ਸਾਰਾ ਦਿਨ ਸ੍ਰੀ ਦਰਬਾਰ ਸਾਹਿਬ ਵਿਖੇ ਗੁਰਬਾਣੀ ਕੀਰਤਨ ਅਤੇ ਨਾਮ ਸਿਮਰਨ ਦਾ ਪ੍ਰਵਾਹ ਜਾਰੀ ਰਿਹਾ। ਗੁਰਬਾਣੀ ਦੀ ਇਲਾਹੀ ਧੁਨ ਅਤੇ ਫੁੱਲਾਂ ਦੀ ਮਨਮੋਹਕ ਸਜਾਵਟ ਨਾਲ ਪੂਰਾ ਵਾਤਾਵਰਣ ਅਧਿਆਤਮਿਕ ਰੰਗ ਵਿੱਚ ਰੰਗਿਆ ਨਜ਼ਰ ਆਇਆ। ਗੁਰਪੁਰਬ ਤੋਂ ਪਹਿਲਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਹੁੰਚੀ ਸੰਗਤ ਨੇ ਇਸ ਪਵਿੱਤਰ ਮਾਹੌਲ ਦਾ ਆਨੰਦ ਮਾਣਦਿਆਂ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ।