ਫਿਰੋਜ਼ਪੁਰ ‘ਚ ਦੇਰ ਰਾਤ ਢਾਬਿਆਂ ਤੇ ਸਟਰੀਟ ਫੂਡ ਵੈਂਡਰਾਂ ਦੀ ਅਚਨਚੇਤ ਚੈਕਿੰਗ
ਫਿਰੋਜ਼ਪੁਰ: ਫੂਡ ਸੇਫਟੀ ਵਿਭਾਗ ਫਿਰੋਜ਼ਪੁਰ ਦੀ ਟੀਮ ਵੱਲੋਂ ਸ਼ਹਿਰ ਵਿੱਚ ਦੇਰ ਰਾਤ ਵੱਖ-ਵੱਖ ਢਾਬਿਆਂ ਅਤੇ ਸਟਰੀਟ ਫੂਡ ਵੈਂਡਰਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਦੌਰਾਨ ਕਈ ਥਾਵਾਂ ‘ਤੇ ਸਫ਼ਾਈ ਅਤੇ ਹਾਈਜੀਨ ਦੇ ਮਾਪਦੰਡਾਂ ਦੀ ਉਲੰਘਣਾ ਸਾਹਮਣੇ ਆਈ। ਫੂਡ ਸੇਫਟੀ ਟੀਮ ਨੇ ਰਾਜਾ ਢਾਬਾ, ਸੰਜੇ ਮੀਟ ਕਾਰਨਰ, ਫਿਰੋਜ਼ਪੁਰ ਕੈਂਟ ਬ੍ਰਿਜ ਹੇਠਾਂ ਸਥਿਤ ਰਾਜਾ ਢਾਬਾ, ਬਾਜਲੇ ਚੌਂਕ ਦੇ ਵੱਖ-ਵੱਖ ਢਾਬਿਆਂ ਅਤੇ ਕਚਹਿਰੀਆਂ ਦੇ ਸਾਹਮਣੇ ਸਥਿਤ ਗੋਰੇ ਢਾਬੇ ਦੀ ਜਾਂਚ ਕੀਤੀ।ਚੈਕਿੰਗ ਦੌਰਾਨ ਕੁਝ ਢਾਬਿਆਂ ‘ਤੇ ਕਾਫ਼ੀ ਗੰਦਗੀ ਅਤੇ ਸਫ਼ਾਈ ਦੀ ਘਾਟ ਪਾਈ ਗਈ। ਖਾਣ-ਪੀਣ ਦੀਆਂ ਵਸਤੂਆਂ ਨੂੰ ਵੀ ਕਈ ਥਾਵਾਂ ‘ਤੇ ਸੁਰੱਖਿਅਤ ਅਤੇ ਸਾਫ਼-ਸੁਥਰੇ ਢੰਗ ਨਾਲ ਸਟੋਰ ਨਹੀਂ ਕੀਤਾ ਗਿਆ ਸੀ। ਟੀਮ ਵੱਲੋਂ ਢਾਬਾ ਮਾਲਕਾਂ ਅਤੇ ਫੂਡ ਬਿਜ਼ਨਸ ਓਪਰੇਟਰਾਂ ਨੂੰ ਤੁਰੰਤ ਸਫ਼ਾਈ ਸੁਧਾਰਨ ਅਤੇ ਫੂਡ ਸੇਫਟੀ ਦੇ ਨਿਰਧਾਰਤ ਮਾਪਦੰਡਾਂ ਦੀ ਪਾਲਣਾ ਕਰਨ ਦੀ ਸਖ਼ਤ ਹਦਾਇਤ ਕੀਤੀ ਗਈ।ਨਿਰੀਖਣ ਦੌਰਾਨ ਇੱਕ ਅਹਿਮ ਕਮੀ ਇਹ ਵੀ ਸਾਹਮਣੇ ਆਈ ਕਿ ਕੁਝ ਥਾਵਾਂ ‘ਤੇ ਵੈਜ ਅਤੇ ਨਾਨ-ਵੈਜ ਖਾਣੇ ਨੂੰ ਇੱਕੋ ਕੜਾਹੇ ਅਤੇ ਇੱਕੋ ਤੇਲ ਵਿੱਚ ਤਲਿਆ ਜਾ ਰਿਹਾ ਸੀ। ਟੀਮ ਨੇ ਇਸ ਪ੍ਰਥਾ ਨੂੰ ਤੁਰੰਤ ਬੰਦ ਕਰਕੇ ਲੋੜੀਂਦੇ ਸੁਧਾਰ ਕਰਨ ਦੀਆਂ ਹਦਾਇਤਾਂ ਦਿੱਤੀਆਂ। ਇਸ ਤੋਂ ਇਲਾਵਾ ਕੁਝ ਥਾਵਾਂ ‘ਤੇ ਖਾਣਾ ਤਿਆਰ ਕਰਨ ਲਈ ਵਰਤਿਆ ਜਾਣ ਵਾਲਾ ਤੇਲ ਅਣਉਚਿਤ ਹਾਲਤ ਵਿੱਚ ਵਾਰ-ਵਾਰ ਵਰਤਿਆ ਜਾ ਰਿਹਾ ਸੀ।ਟੀਮ ਨੂੰ ਕੁਝ ਢਾਬਿਆਂ ਦੇ ਫ੍ਰੀਜ਼ਰਾਂ ਅਤੇ ਫ੍ਰਿਜਾਂ ਵਿੱਚ ਨਾਨ-ਵੈਜ ਉਤਪਾਦਾਂ ਦੀ ਸਟੋਰੇਜ ਦੌਰਾਨ ਸਫ਼ਾਈ ਦੀ ਘਾਟ ਵੀ ਮਿਲੀ। ਕੁਝ ਥਾਵਾਂ ‘ਤੇ ਖੂਨ ਜਾਂ ਹੋਰ ਅਵਸ਼ੇਸ਼ ਜੰਮੇ ਹੋਏ ਪਾਏ ਗਏ। ਇਸ ਸਬੰਧੀ ਫ੍ਰੀਜ਼ਰਾਂ ਅਤੇ ਸਟੋਰੇਜ ਏਰੀਆ ਦੀ ਨਿਯਮਿਤ ਅਤੇ ਤੁਰੰਤ ਸਫ਼ਾਈ ਕਰਨ ਦੇ ਹੁਕਮ ਦਿੱਤੇ ਗਏ। ਇਸੇ ਤਰ੍ਹਾਂ ਰੋਟੀਆਂ ਬਣਾਉਣ ਲਈ ਵਰਤੇ ਜਾਣ ਵਾਲੇ ਕੱਪੜੇ ਅਤੇ ਹੋਰ ਸਾਜ਼ੋ-ਸਾਮਾਨ ਵੀ ਕਈ ਥਾਵਾਂ ‘ਤੇ ਗੰਦੇ ਪਾਏ ਗਏ। ਕੱਚੇ ਮਾਲ ਨੂੰ ਸਟੋਰ ਕਰਨ ਦੇ ਤਰੀਕੇ ਵਿੱਚ ਵੀ ਕਈ ਕਮੀਆਂ ਸਾਹਮਣੇ ਆਈਆਂ।ਚੈਕਿੰਗ ਦੌਰਾਨ ਕੁਝ ਫੂਡ ਬਿਜ਼ਨਸ ਓਪਰੇਟਰਾਂ ਕੋਲ ਲੋੜੀਂਦਾ ਫੂਡ ਸੇਫਟੀ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਨਾ ਹੋਣ ਦੀ ਗੱਲ ਵੀ ਸਾਹਮਣੇ ਆਈ। ਵਿਭਾਗ ਵੱਲੋਂ ਉਨ੍ਹਾਂ ਨੂੰ ਕਾਨੂੰਨ ਅਨੁਸਾਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਕਰਵਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਗਈ। ਟੀਮ ਨੇ ਢਾਬਾ ਮਾਲਕਾਂ ਅਤੇ ਸਟਰੀਟ ਫੂਡ ਵੈਂਡਰਾਂ ਨੂੰ ਸਫ਼ਾਈ, ਸੈਨਿਟਾਈਜ਼ੇਸ਼ਨ ਅਤੇ ਹਾਈਜੀਨਿਕ ਕੰਡੀਸ਼ਨਾਂ ਸਬੰਧੀ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਲੋੜੀਂਦੀ ਟ੍ਰੇਨਿੰਗ ਲੈਣ ਲਈ ਪ੍ਰੇਰਿਤ ਕੀਤਾ।ਫੂਡ ਸੇਫਟੀ ਵਿਭਾਗ ਨੇ ਸਾਰੇ ਢਾਬਾ ਮਾਲਕਾਂ ਅਤੇ ਸਟਰੀਟ ਫੂਡ ਵੈਂਡਰਾਂ ਨੂੰ ਅਪੀਲ ਕੀਤੀ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਨੂੰ ਫੂਡ ਸੇਫਟੀ ਮਾਪਦੰਡਾਂ ਅਨੁਸਾਰ ਹੀ ਤਿਆਰ ਅਤੇ ਸਟੋਰ ਕੀਤਾ ਜਾਵੇ। ਵਿਭਾਗ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਢਾਬਿਆਂ ਅਤੇ ਸਟਰੀਟ ਫੂਡ ਵੈਂਡਰਾਂ ਦੀਆਂ ਚੈਕਿੰਗਾਂ ਅੱਗੇ ਵੀ ਜਾਰੀ ਰਹਿਣਗੀਆਂ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਪਹਿਲਾਂ ਸੁਧਾਰ ਦਾ ਮੌਕਾ ਦਿੱਤਾ ਜਾਵੇਗਾ, ਪਰ ਹਦਾਇਤਾਂ ਦੀ ਪਾਲਣਾ ਨਾ ਕਰਨ ‘ਤੇ ਨਿਯਮਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
SikhDiary