ਫਗਵਾੜਾ ਬੱਸ ਸਟੈਂਡ ’ਤੇ ਮਹਿਲਾ ਦਾ ਪਰਸ ਝਪਟਿਆ, ਐਕਟਿਵਾ ਸਵਾਰ ਫਰਾਰ
ਫਗਵਾੜਾ: ਫਗਵਾੜਾ ਇਲਾਕੇ ਵਿੱਚ ਲੁੱਟ ਅਤੇ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ, ਜਿਸ ਕਾਰਨ ਲੋਕਾਂ ਵਿੱਚ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਤਾਜ਼ਾ ਮਾਮਲਾ ਫਗਵਾੜਾ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ, ਜਿੱਥੇ ਐਕਟਿਵਾ ਸਵਾਰ ਇੱਕ ਵਿਅਕਤੀ ਨੇ ਇੱਕ ਮਹਿਲਾ ਦਾ ਪਰਸ ਝਪਟ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ।ਪੀੜਤ ਮਹਿਲਾ ਮਨਜੀਤ ਕੌਰ, ਜੋ ਕਟਪਾਲੋ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ, ਨੇ ਦੱਸਿਆ ਕਿ ਉਹ ਆਪਣੀ ਪੋਤੀ ਨਾਲ ਫਗਵਾੜਾ ਤੋਂ ਦਵਾਈ ਲੈ ਕੇ ਘਰ ਵਾਪਸ ਜਾਣ ਲਈ ਬੱਸ ਸਟੈਂਡ ’ਤੇ ਖੜ੍ਹੀ ਸੀ। ਇਸੇ ਦੌਰਾਨ ਐਕਟਿਵਾ ਸਵਾਰ ਇੱਕ ਵਿਅਕਤੀ ਪਿੱਛੋਂ ਆਇਆ ਅਤੇ ਝਪਟਾ ਮਾਰ ਕੇ ਉਸ ਦਾ ਪਰਸ ਖੋਹ ਕੇ ਫਰਾਰ ਹੋ ਗਿਆ।ਮਹਿਲਾ ਮੁਤਾਬਕ ਪਰਸ ਵਿੱਚ ਉਸ ਦੀ ਪੋਤੀ ਦੀ ਦਵਾਈ ਤੋਂ ਇਲਾਵਾ ਕੁਝ ਨਕਦੀ, ਮੋਬਾਈਲ ਫੋਨ ਅਤੇ ਜ਼ਰੂਰੀ ਦਸਤਾਵੇਜ਼ ਵੀ ਸਨ। ਪਰਸ ਖੋਹੇ ਜਾਣ ਕਾਰਨ ਉਸ ਨੂੰ ਕਾਫੀ ਨੁਕਸਾਨ ਹੋਇਆ ਹੈ।ਉੱਥੇ ਹੀ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਿਸ ਵਿਅਕਤੀ ਨੇ ਇਹ ਵਾਰਦਾਤ ਕੀਤੀ ਹੈ, ਉਸ ਨੇ ਇੱਕ ਦਿਨ ਪਹਿਲਾਂ ਵੀ ਇੱਕ ਹੋਰ ਮਹਿਲਾ ਦਾ ਪਰਸ ਝਪਟਿਆ ਸੀ। ਲੋਕਾਂ ਮੁਤਾਬਕ ਅੱਜ ਵੀ ਉਸੇ ਵਿਅਕਤੀ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।ਸਥਾਨਕ ਲੋਕਾਂ ਨੇ ਮੁਲਜ਼ਮ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਉਹ ਭੱਜਣ ਵਿੱਚ ਕਾਮਯਾਬ ਹੋ ਗਿਆ। ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਇਲਾਕੇ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਜਾਣ।
SikhDiary