ਜਲੰਧਰ ’ਚ ਮਸ਼ਹੂਰ ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਤੋਂ 10 ਲੱਖ ਰੁਪਏ ਦੀ ਲੁੱਟ
ਜਲੰਧਰ: ਅੱਡਾ ਹੁਸ਼ਿਆਰਪੁਰ ਸਥਿਤ ਮਸ਼ਹੂਰ ਭਾਟੀਆ ਇਲੈਕਟ੍ਰਾਨਿਕਸ ਦੇ ਮਾਲਕ ਦੇ ਭਰਾ ਨਾਲ 10 ਲੱਖ ਰੁਪਏ ਦੀ ਲੁੱਟ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਦਾਤ ਤੋਂ ਬਾਅਦ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।ਭਾਟੀਆ ਇਲੈਕਟ੍ਰਾਨਿਕਸ ਦੇ ਗੁਨੀਤ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਭਰਾ ਸਰਨ ਪਾਲ ਸਿੰਘ ਕੁਝ ਸਮਾਂ ਪਹਿਲਾਂ ਦੁਕਾਨ ਤੋਂ ਘਰ ਲਈ ਰਵਾਨਾ ਹੋਏ ਸਨ। ਰਸਤੇ ਵਿੱਚ ਪੀਐਨਬੀ ਚੌਕ ਦੀ ਰੈੱਡ ਲਾਈਟ ਨੇੜੇ ਉਨ੍ਹਾਂ ਦੀ ਗੱਡੀ ਦਾ ਟਾਇਰ ਪੰਚਰ ਹੋ ਗਿਆ। ਇਸ ਤੋਂ ਬਾਅਦ ਉਹ ਪੰਚਰ ਲਗਵਾਉਣ ਲਈ ਕੇਸਰ ਪੈਟਰੋਲ ਪੰਪ ’ਤੇ ਰੁਕ ਗਏ। ਪੰਚਰ ਵਾਲੇ ਨੇ ਜਾਂਚ ਕਰਕੇ ਦੱਸਿਆ ਕਿ ਗੱਡੀ ਦੇ ਟਾਇਰ ਦਾ ਪੂਰਾ ਪ੍ਰੈਸ਼ਰ ਖਤਮ ਹੋ ਚੁੱਕਾ ਹੈ।ਜਾਣਕਾਰੀ ਮੁਤਾਬਕ ਸਰਨ ਪਾਲ ਸਿੰਘ ਡਰਾਈਵਿੰਗ ਸੀਟ ਤੋਂ ਉਤਰ ਕੇ ਗੱਡੀ ਦਾ ਟਾਇਰ ਦੇਖਣ ਲਈ ਪਿੱਛੇ ਵੱਲ ਗਏ। ਇਸੇ ਦੌਰਾਨ ਉੱਥੇ ਮੌਜੂਦ ਕੁਝ ਨੌਜਵਾਨ ਗੱਡੀ ਦੀ ਸੀਟ ’ਤੇ ਰੱਖਿਆ ਬੈਗ ਲੈ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਬੈਗ ਵਿੱਚ ਕਰੀਬ 10 ਲੱਖ ਰੁਪਏ ਦੀ ਨਕਦੀ ਮੌਜੂਦ ਸੀ।ਵਾਰਦਾਤ ਤੋਂ ਤੁਰੰਤ ਬਾਅਦ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਦੀ ਪਛਾਣ ਲਈ ਆਸ-ਪਾਸ ਦੇ ਇਲਾਕੇ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ।ਉੱਧਰ, ਕੇਸਰ ਪੈਟਰੋਲ ਪੰਪ ਦੇ ਮਾਲਕਾਂ ਵੱਲੋਂ ਵਾਰਦਾਤ ਨਾਲ ਸਬੰਧਤ ਸੀਸੀਟੀਵੀ ਫੁਟੇਜ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ। ਪੁਲਿਸ ਫੁਟੇਜ ਦੇ ਆਧਾਰ ’ਤੇ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
SikhDiary