ਅੰਮ੍ਰਿਤਸਰ ’ਚ ਐਕਸਾਈਜ਼ ਵਿਭਾਗ ਤੇ ਰਾਜਾਸਾਂਸੀ ਪੁਲਿਸ ਦੀ ਛਾਪੇਮਾਰੀ

ਐਕਸਾਈਜ਼ ਇੰਸਪੈਕਟਰ ਜਗਦੀਪ ਕੌਰ ਅਤੇ ਥਾਣਾ ਰਾਜਾਸਾਂਸੀ ਦੇ ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਦਾਇਤਾਂ ਤਹਿਤ ਨਾਜਾਇਜ਼ ਸ਼ਰਾਬ ਅਤੇ ਲਾਹਣ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ।ਇਸੇ ਤਹਿਤ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪਿੰਡ ਕੋਟਲੀ ਸਕਾ ਵਿੱਚ ਸਰਕਾਰੀ ਟੈਂਕੀ ਵਾਲੀ ਜਗ੍ਹਾ ’ਤੇ ਨਾਜਾਇਜ਼ ਲਾਹਣ ਰੱਖੀ ਹੋਈ ਹੈ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਅਤੇ ਐਕਸਾਈਜ਼ ਵਿਭਾਗ ਦੀ ਸਾਂਝੀ ਟੀਮ ਨੇ ਮੌਕੇ ’ਤੇ ਛਾਪੇਮਾਰੀ ਕੀਤੀ।ਤਲਾਸ਼ੀ ਦੌਰਾਨ 10 ਡਰੰਮਾਂ ਵਿੱਚ ਕਰੀਬ 1800 ਲੀਟਰ ਲਾਹਣ ਬਰਾਮਦ ਹੋਈ। ਅਧਿਕਾਰੀਆਂ ਮੁਤਾਬਕ ਲਾਹਣ ਲਾਵਾਰਿਸ ਹਾਲਤ ਵਿੱਚ ਪਈ ਸੀ, ਇਸ ਲਈ ਇਸਨੂੰ ਤਿਆਰ ਕਰਨ ਜਾਂ ਰੱਖਣ ਵਾਲੇ ਵਿਅਕਤੀਆਂ ਦੀ ਤੁਰੰਤ ਪਛਾਣ ਨਹੀਂ ਹੋ ਸਕੀ।ਅਧਿਕਾਰੀਆਂ ਨੇ ਦੱਸਿਆ ਕਿ ਇਸੇ ਸਰਕਾਰੀ ਜਗ੍ਹਾ ਤੋਂ ਪਹਿਲਾਂ ਵੀ ਨਾਜਾਇਜ਼ ਲਾਹਣ ਬਰਾਮਦ ਕੀਤੀ ਜਾ ਚੁੱਕੀ ਹੈ। ਉਸ ਸਮੇਂ ਪਿੰਡ ਦੇ ਸਰਪੰਚ ਨੂੰ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਦੀ ਪਛਾਣ ਕਰਨ ਅਤੇ ਪੁਲਿਸ ਨੂੰ ਸਹਿਯੋਗ ਦੇਣ ਲਈ ਕਿਹਾ ਗਿਆ ਸੀ।ਪੁਲਿਸ ਮੁਤਾਬਕ, ਪਿਛਲੀ ਕਾਰਵਾਈ ਦੌਰਾਨ ਵੀ ਪੰਚਾਇਤ ਵੱਲੋਂ ਲੋੜੀਂਦਾ ਸਹਿਯੋਗ ਨਹੀਂ ਮਿਲਿਆ ਸੀ।ਐਸਐਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੌਜੂਦਾ ਕਾਰਵਾਈ ਦੌਰਾਨ ਪਿੰਡ ਦੇ ਸਰਪੰਚ ਅਤੇ ਪੰਚਾਇਤ ਮੈਂਬਰਾਂ ਨੂੰ ਮੌਕੇ ’ਤੇ ਪਹੁੰਚਣ ਲਈ ਸੁਨੇਹਾ ਭੇਜਿਆ ਗਿਆ ਸੀ, ਪਰ ਉਹ ਮੌਕੇ ’ਤੇ ਨਹੀਂ ਪਹੁੰਚੇ।ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਾਂਚ ਦਾ ਮੁੱਖ ਮਕਸਦ ਇਹ ਪਤਾ ਲਗਾਉਣਾ ਹੈ ਕਿ ਸਰਕਾਰੀ ਜਗ੍ਹਾ ’ਤੇ ਇੰਨੀ ਵੱਡੀ ਮਾਤਰਾ ਵਿੱਚ ਲਾਹਣ ਕਿਸ ਵਿਅਕਤੀ ਜਾਂ ਵਿਅਕਤੀਆਂ ਵੱਲੋਂ ਰੱਖੀ ਗਈ ਸੀ। ਪੁਲਿਸ ਨੇ ਕਿਹਾ ਕਿ ਜਾਂਚ ਦੌਰਾਨ ਜੋ ਵੀ ਵਿਅਕਤੀ ਇਸ ਗੈਰਕਾਨੂੰਨੀ ਗਤੀਵਿਧੀ ਵਿੱਚ ਸ਼ਾਮਲ ਪਾਇਆ ਗਿਆ, ਉਸ ਖ਼ਿਲਾਫ਼ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।