ਰੱਖੜੀ ਬਨਵਾਉਣ ਤੋਂ ਪਹਿਲਾਂ ਹੀ ਨੌਜਵਾਨ ਦੀ ਮੌਤ
ਮੋਹਾਲੀ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ।ਰੱਖੜੀ ਦੇ ਤਿਉਹਾਰ ਤੋਂ ਪਹਿਲਾਂ ਹੀ ਤਿੰਨ ਭੈਣਾਂ ਦੇ ਇਕਲੌਤੇ ਭਰਾ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ।ਜਾਣਕਾਰੀ ਮੁਤਾਬਕ, ਮੋਹਾਲੀ ਦੇ ਏਅਰਪੋਰਟ ਚੌਕ ਨੇੜੇ ਭਾਰਤਮਾਲਾ ਰੋਡ ‘ਤੇ ਇਹ ਦਰਦਨਾਕ ਹਾਦਸਾ ਵਾਪਰਿਆ। ਹਾਦਸੇ ਵਿੱਚ 23 ਸਾਲਾ ਨੌਜਵਾਨ ਪਰਮਪ੍ਰੀਤ ਦੀ ਜਾਨ ਚਲੀ ਗਈ। ਪਰਮਪ੍ਰੀਤ ਪਿੰਡ ਮੱਛਲੀਕਲਾਂ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਪਰਮਪ੍ਰੀਤ ਮੋਟਰਸਾਈਕਲ ‘ਤੇ ਜ਼ੀਰਕਪੁਰ ਤੋਂ ਆਪਣੇ ਪਿੰਡ ਵੱਲ ਜਾ ਰਿਹਾ ਸੀ। ਏਅਰਪੋਰਟ ਰੋਡ ‘ਤੇ ਭਾਰਤਮਾਲਾ ਪ੍ਰੋਜੈਕਟ ਨੇੜੇ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ।ਟੱਕਰ ਤੋਂ ਬਾਅਦ ਪਰਮਪ੍ਰੀਤ ਸੜਕ ਕਿਨਾਰੇ ਡਿੱਗ ਗਿਆ ਅਤੇ ਡਿਵਾਈਡਰ ਦੇ ਐਂਗਲ ਨਾਲ ਸਿਰ ‘ਤੇ ਗੰਭੀਰ ਸੱਟ ਲੱਗੀ। ਇਸ ਕਾਰਨ ਉਸ ਦਾ ਕਾਫ਼ੀ ਖੂਨ ਵਹਿ ਗਿਆ।ਸਵੇਰ ਦਾ ਸਮਾਂ ਹੋਣ ਕਾਰਨ ਸੜਕ ‘ਤੇ ਆਵਾਜਾਈ ਵੀ ਘੱਟ ਸੀ। ਕੁਝ ਸਮੇਂ ਤੱਕ ਕਿਸੇ ਦੀ ਨਜ਼ਰ ਪਰਮਪ੍ਰੀਤ ‘ਤੇ ਨਹੀਂ ਪਈ। ਬਾਅਦ ਵਿੱਚ ਉੱਥੋਂ ਲੰਘ ਰਹੇ ਇੱਕ ਰਾਹਗੀਰ ਨੇ ਉਸ ਨੂੰ ਦੇਖਿਆ ਅਤੇ ਪੁਲਿਸ ਤੇ ਐਂਬੂਲੈਂਸ ਨੂੰ ਸੂਚਨਾ ਦਿੱਤੀ। ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਨੌਜਵਾਨ ਦੀ ਮੌਤ ਹੋ ਚੁੱਕੀ ਸੀ।ਪਰਮਪ੍ਰੀਤ ਜ਼ੀਰਕਪੁਰ ਦੇ ਇੱਕ ਹੋਟਲ ਵਿੱਚ ਇਲੈਕਟ੍ਰੀਸ਼ੀਅਨ ਵਜੋਂ ਕੰਮ ਕਰਦਾ ਸੀ। ਉਹ ਪਿਛਲੇ ਕਰੀਬ 6 ਮਹੀਨਿਆਂ ਤੋਂ ਉੱਥੇ ਹੀ ਆਪਣੀ ਰਿਸ਼ਤੇਦਾਰੀ ਵਿੱਚ ਰਹਿ ਰਿਹਾ ਸੀ ਅਤੇ ਪਰਿਵਾਰ ਦੀਆਂ ਆਰਥਿਕ ਜ਼ਿੰਮੇਵਾਰੀਆਂ ਵਿੱਚ ਵੱਡਾ ਯੋਗਦਾਨ ਪਾ ਰਿਹਾ ਸੀ। ਸਭ ਤੋਂ ਦੁਖਦਾਈ ਗੱਲ ਇਹ ਹੈ ਕਿ ਪਰਮਪ੍ਰੀਤ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਰੱਖੜੀ ਦੇ ਤਿਉਹਾਰ ਮੌਕੇ ਪਰਿਵਾਰ ਉਸ ਦੇ ਘਰ ਆਉਣ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ, ਪਰ ਘਰ ਪਹੁੰਚਣ ਤੋਂ ਪਹਿਲਾਂ ਹੀ ਪਰਿਵਾਰ ਨੂੰ ਉਸ ਦੀ ਮੌਤ ਦੀ ਮੰਦਭਾਗੀ ਖ਼ਬਰ ਮਿਲ ਗਈ।ਦੋਸਤਾਂ ਮੁਤਾਬਕ, ਪਰਮਪ੍ਰੀਤ ਦੇ ਪਿਤਾ ਬਜ਼ੁਰਗ ਹਨ ਅਤੇ ਕੰਮ ਕਰਨ ਤੋਂ ਅਸਮਰੱਥ ਹਨ। ਅਜਿਹੇ ਵਿੱਚ ਪਰਮਪ੍ਰੀਤ ਹੀ ਪਰਿਵਾਰ ਦਾ ਮੁੱਖ ਸਹਾਰਾ ਸੀ।ਫਿਲਹਾਲ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ ਹੈ। ਪੁਲਿਸ ਵੱਲੋਂ ਘਟਨਾ ਸਥਾਨ ਦੇ ਆਲੇ-ਦੁਆਲੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਮਦਦ ਨਾਲ ਟੱਕਰ ਮਾਰਨ ਵਾਲੇ ਅਣਪਛਾਤੇ ਵਾਹਨ ਦੀ ਭਾਲ ਕੀਤੀ ਜਾ ਰਹੀ ਹੈ।ਪੋਸਟਮਾਰਟਮ ਦੀ ਕਾਰਵਾਈ ਤੋਂ ਬਾਅਦ ਲਾਸ਼ ਵਾਰਸਾਂ ਦੇ ਹਵਾਲੇ ਕੀਤੀ ਜਾਵੇਗੀ।
SikhDiary