ਬੱਸੀ ਪਠਾਣਾ ਨੇੜੇ ਦਰਦਨਾਕ ਹਾਦਸਾ, ਪਤੀ-ਪਤਨੀ ਦੀ ਮੌਤ

ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਚੰਡੀਗੜ੍ਹ ਪਰਤ ਰਹੇ ਬੱਸੀ ਪਠਾਣਾ ਦੇ ਪਿੰਡ ਆਲਮਪੁਰ ਨਜ਼ਦੀਕ ਵਾਪਰੇ ਦਰਦਨਾਕ ਸੜਕੀ ਹਾਦਸੇ ਵਿੱਚ ਸਕੂਟਰੀ ਤੇ ਟਰੱਕ ਦਰਮਿਆਨ ਹੋਈ ਟੱਕਰ ਵਿੱਚ ਸਕੂਟਰੀ ਸਵਾਰ ਪਤੀ-ਪਤਨੀ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਹਿਚਾਨ ਧਰਮਵੀਰ ਸਿੰਘ ਤੇ ਉਸ ਦੀ ਪਤਨੀ ਸ਼ਸ਼ੀ ਬਾਲਾ ਨਿਵਾਸੀ ਚੰਡੀਗੜ੍ਹ ਵਜੋਂ ਹੋਈ ਹੈ। ਇਸ ਹਾਦਸੇ ਦੌਰਾਨ ਟਰੱਕ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਦੋਂ ਕਿ ਪੁਲਿਸ ਨੇ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ।ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਚੰਡੀਗੜ੍ਹ ਦੇ ਰਹਿਣ ਵਾਲੇ ਧਰਮਵੀਰ ਸਿੰਘ ਆਪਣੀ ਪਤਨੀ ਸ਼ਸ਼ੀ ਬਾਲਾ ਨਾਲ ਆਪਣੀ ਸਕੂਟਰੀ ‘ਤੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਏ ਸਨ। ਜਦੋਂ ਉਹ ਨਤਮਸਤਕ ਕਰਨ ਤੋਂ ਬਾਅਦ ਵਾਪਸ ਚੰਡੀਗੜ੍ਹ ਵੱਲ ਜਾ ਰਹੇ ਸਨ, ਤਾਂ ਪਿੰਡ ਆਲਮਪੁਰ ਦੇ ਨਜ਼ਦੀਕ ਪਹੁੰਚਣ ‘ਤੇ ਸਾਹਮਣੇ ਤੋਂ ਆ ਰਹੇ ਇੱਕ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ।ਇਹ ਹਾਦਸਾ ਏਨਾ ਭਿਆਨਕ ਸੀ ਕਿ ਸਕੂਟਰੀ ਸਵਾਰ ਪਤੀ-ਪਤਨੀ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਬੱਸੀ ਪਠਾਣਾ ਦੀ ਪੁਲਿਸ ਟੀਮ ਮੌਕੇ ‘ਤੇ ਪਹੁੰਚੀ।ਹਾਦਸੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਬੱਸੀ ਪਠਾਣਾ ਦੇ ਸਹਾਇਕ ਥਾਣੇਦਾਰ ਹਰਪਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਹਾਦਸਾਗ੍ਰਸਤ ਟਰੱਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਟਰੱਕ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।