ਲੁਧਿਆਣਾ ‘ਚ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਸਵੀਟਸ ਫੈਕਟਰੀ ‘ਤੇ ਮਾਰਿਆ ਛਾਪਾ , 3 ਕੁਇੰਟਲ ਮਠਿਆਈਆਂ ਕੀਤੀਆਂ ਜ਼ਬਤ

ਲੁਧਿਆਣਾ: ਲੁਧਿਆਣਾ ‘ਚ ਮਠਿਆਈ ਬਣਾਉਣ ਵਾਲੀ ਫੈਕਟਰੀ ‘ਤੇ ਫੂਡ ਵਿਭਾਗ ਵੱਲੋਂ ਛਾਪੇਮਾਰੀ ਕਰਨ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਫੂਡ ਸੇਫਟੀ ਵਿਭਾਗ ਦੀ ਟੀਮ ਨੇ ਜੱਸੀਆਂ ਰੋਡ ‘ਤੇ ਸਥਿਤ ਐਮ.ਵੀ ਸਵੀਟਸ ਫੈਕਟਰੀ ‘ਤੇ ਛਾਪਾ ਮਾਰਿਆ, ਜਿੱਥੋਂ ਕਰੀਬ 3 ਕੁਇੰਟਲ ਮਠਿਆਈਆਂ ਜ਼ਬਤ ਕੀਤੀਆਂ ਗਈਆਂ।ਪਤਾ ਲੱਗਾ ਹੈ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਫੈਕਟਰੀ ‘ਚ ਗੈਰ-ਸੁਰੱਖਿਅਤ ਤਰੀਕੇ ਨਾਲ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਜਾਂਚ ਦੌਰਾਨ ਫੈਕਟਰੀ ਵਿੱਚ ਗੰਦਗੀ ਦੇ ਵਿਚਕਾਰ ਵੱਖ-ਵੱਖ ਤਰ੍ਹਾਂ ਦੀਆਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਟੀਮ ਨੇ ਮੌਕੇ ਤੋਂ ਕਰੀਬ 3 ਕੁਇੰਟਲ ਮਠਿਆਈ ਬਰਾਮਦ ਕੀਤੀ ਹੈ।ਫੂਡ ਸੇਫਟੀ ਵਿਭਾਗ ਨੇ ਮਠਿਆਈਆਂ ਦੇ ਸੈਂਪਲ ਵੀ ਲਏ ਹਨ, ਜਿਨ੍ਹਾਂ ਨੂੰ ਜਾਂਚ ਲਈ ਲੈਬ ਵਿੱਚ ਭੇਜਿਆ ਜਾਵੇਗਾ। ਅਧਿਕਾਰੀਆਂ ਮੁਤਾਬਕ ਲੈਬ ਦੀ ਰਿਪੋਰਟ ਆਉਣ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਦੀ ਇਸ ਕਾਰਵਾਈ ਤੋਂ ਬਾਅਦ ਮਠਿਆਈਆਂ ਦੀ ਫੈਕਟਰੀ ਵਿੱਚ ਸਾਫ਼-ਸਫ਼ਾਈ ਅਤੇ ਖਾਣ ਪੀਣ ਦੀਆਂ ਵਸਤਾਂ ਦੀ ਗੁਣਵੱਤਾ ਨੂੰ ਲੈ ਕੇ ਸਵਾਲ ਖੜ੍ਹੇ ਹੋ ਗਏ ਹਨ।ਡੀ.ਐਚ.ਓ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਇੱਥੇ ਸਫ਼ਾਈ ਦੇ ਸਹੀ ਮਾਪਦੰਡਾਂ ਤੋਂ ਬਿਨਾਂ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਜਾਣਕਾਰੀ ਅਨੁਸਾਰ ਮਠਿਆਈਆਂ ਤਿਆਰ ਕਰਨ ਵਿੱਚ ਪੁਰਾਣੀਆਂ ਜਾਂ ਫਾਲਤੂ (ਵੇਸਟ) ਮਠਿਆਈਆਂ ਅਤੇ ਚਾਸ਼ਨੀ ਦੀ ਵਰਤੋਂ ਕੀਤੀ ਜਾ ਰਹੀ ਸੀ।