ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ‘ਤੇ ਆਧਾਰਿਤ ਬਾਇਓਗ੍ਰਾਫੀਕਲ ਡੌਕੂਮੈਂਟਰੀ ਸ਼ੋਅ ਇਸ ਦਿਨ ਡਿਸਕਵਰੀ ਚੈਨਲ ‘ਤੇ ਹੋਵੇਗਾ ਪ੍ਰਸਾਰਿਤ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਜੀਵਨ ਅਤੇ ਉਨ੍ਹਾਂ ਦੇ ਸਿਆਸੀ ਸਫ਼ਰ ‘ਤੇ ਆਧਾਰਿਤ ਇੱਕ ਵਿਸ਼ੇਸ਼ ਬਾਇਓਗ੍ਰਾਫੀਕਲ ਡੌਕੂਮੈਂਟਰੀ ਸ਼ੋਅ ਜਲਦ ਹੀ ਦੁਨੀਆ ਦੇ ਮਸ਼ਹੂਰ ਚੈਨਲ ਡਿਸਕਵਰੀ ‘ਤੇ ਪ੍ਰਸਾਰਿਤ ਹੋਣ ਜਾ ਰਿਹਾ ਹੈ। ਇਸ ਸ਼ੋਅ ਦਾ ਨਾਮ ‘ਸਤੌਜ ਤੋਂ ਸੰਸਦ’ ਰੱਖਿਆ ਗਿਆ ਹੈ, ਜਿਸ ਦਾ ਟ੍ਰੇਲਰ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ (ਐਕਸ) ‘ਤੇ ਸਾਂਝਾ ਕੀਤਾ ਹੈ।ਕਦੋਂ ਅਤੇ ਕਿੰਨੀਆਂ ਭਾਸ਼ਾਵਾਂ ‘ਚ ਆਵੇਗਾ ਸ਼ੋਅ? ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਇਹ ਖ਼ਾਸ ਸ਼ੋਅ 30 ਅਗਸਤ ਦਿਨ ਐਤਵਾਰ ਨੂੰ ਸ਼ਾਮ 7 ਵਜੇ ਡਿਸਕਵਰੀ ਚੈਨਲ ‘ਤੇ ਵਿਖਾਇਆ ਜਾਵੇਗਾ। ਦੇਸ਼ ਭਰ ਦੇ ਦਰਸ਼ਕਾਂ ਤੱਕ ਪਹੁੰਚ ਬਣਾਉਣ ਲਈ ਇਸ ਬਾਇਓਗ੍ਰਾਫੀਕਲ ਸ਼ੋਅ ਨੂੰ 7 ਵੱਖ-ਵੱਖ ਭਾਸ਼ਾਵਾਂ ਵਿੱਚ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਨੂੰ ਅਪੀਲ ਕਰਦਿਆਂ ਲਿਖਿਆ, “ਮੇਰੇ ਜੀਵਨ ‘ਤੇ ਆਧਾਰਿਤ ਇਹ ਖ਼ਾਸ ਸ਼ੋਅ 7 ਵੱਖ-ਵੱਖ ਭਾਸ਼ਾਵਾਂ ‘ਚ ਡਿਸਕਵਰੀ ਚੈਨਲ ‘ਤੇ ਜ਼ਰੂਰ ਵੇਖੋ।”ਪਰਿਵਾਰ ਅਤੇ ਸਾਥੀ ਸਾਂਝੀਆਂ ਕਰਨਗੇ ਯਾਦਾਂ ਇਸ ਡੌਕੂਮੈਂਟਰੀ ਵਿੱਚ ਭਗਵੰਤ ਮਾਨ ਦੇ ਇੱਕ ਸਾਧਾਰਣ ‘ਮਾਸਟਰ ਦੇ ਪੁੱਤਰ’ ਤੋਂ ਲੈ ਕੇ ਸੂਬੇ ਦੇ ਸਭ ਤੋਂ ਉੱਚੇ ਸਿਆਸੀ ਅਹੁਦੇ ਤੱਕ ਪਹੁੰਚਣ ਦੀ ਕਹਾਣੀ ਨੂੰ ਬਹੁਤ ਬਰੀਕੀ ਨਾਲ ਪੇਸ਼ ਕੀਤਾ ਗਿਆ ਹੈ। ਸ਼ੋਅ ਵਿੱਚ ਉਨ੍ਹਾਂ ਦੀ ਮਾਤਾ ਹਰਪਾਲ ਕੌਰ, ਭੈਣ ਮਨਪ੍ਰੀਤ ਕੌਰ ਅਤੇ ਮਨੋਰੰਜਨ ਜਗਤ ਦੇ ਕਈ ਕਰੀਬੀ ਕਲਾਕਾਰ ਦੋਸਤ ਉਨ੍ਹਾਂ ਦੇ ਪੁਰਾਣੇ ਦਿਨਾਂ ਦੀਆਂ ਯਾਦਾਂ ਅਤੇ ਸੰਘਰਸ਼ ਦੀਆਂ ਕਹਾਣੀਆਂ ਸਾਂਝੀਆਂ ਕਰਦੇ ਨਜ਼ਰ ਆਉਣਗੇ।ਸਿਆਸੀ ਸਫ਼ਰ ਅਤੇ ਪ੍ਰਾਪਤੀਆਂ ‘ਤੇ ਵੀ ਰਹੇਗਾ ਫੋਕਸ ਫਿਲਮ ਵਿੱਚ ਉਨ੍ਹਾਂ ਦੀ ਪੀਪਲਜ਼ ਪਾਰਟੀ ਆਫ਼ ਪੰਜਾਬ ਤੋਂ ਸਿਆਸੀ ਸ਼ੁਰੂਆਤ, ਆਮ ਆਦਮੀ ਪਾਰਟੀ ਰਾਹੀਂ 2014 ਅਤੇ 2019 ਵਿੱਚ ਸੰਸਦ ਮੈਂਬਰ ਬਣਨ ਅਤੇ 2022 ਵਿੱਚ ਮੁੱਖ ਮੰਤਰੀ ਵਜੋਂ ਸੂਬੇ ਦੀ ਕਮਾਨ ਸੰਭਾਲਣ ਤੱਕ ਦੇ ਸਫ਼ਰ ਨੂੰ ਵਿਖਾਇਆ ਗਿਆ ਹੈ। ਇਸ ਦੇ ਨਾਲ ਹੀ, ਡੌਕੂਮੈਂਟਰੀ ਵਿੱਚ ਮਾਨ ਸਰਕਾਰ ਦੀਆਂ ਕੁਝ ਪ੍ਰਮੁੱਖ ਪਹਿਲਕਦਮੀਆਂ, ਜਿਵੇਂ ਕਿ ਖੇਤਾਂ ਦੀਆਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣਾ, ਯੂਨੀਵਰਸਲ ਸਿਹਤ ਬੀਮਾ ਯੋਜਨਾ ਅਤੇ ‘ਮਾਵਾਂ ਧੀਆਂ ਸਤਿਕਾਰ ਯੋਜਨਾ’ ਨੂੰ ਵੀ ਵਿਸ਼ੇਸ਼ ਤੌਰ ‘ਤੇ ਉਜਾਗਰ ਕੀਤਾ ਗਿਆ ਹੈ।ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਦੂਜੇ ਸਿਆਸਤਦਾਨ ਦੱਸ ਦੇਈਏ ਕਿ ਭਗਵੰਤ ਮਾਨ ਤੋਂ ਪਹਿਲਾਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਜਿਹੇ ਵੱਡੇ ਭਾਰਤੀ ਸਿਆਸਤਦਾਨ ਹਨ, ਜਿਨ੍ਹਾਂ ਨੇ ਡਿਸਕਵਰੀ ਚੈਨਲ ‘ਤੇ ਖ਼ਾਸ ਸ਼ੋਅ ਬਣਾਇਆ । ਸਾਲ 2019 ਵਿੱਚ ਪ੍ਰਧਾਨ ਮੰਤਰੀ ਮੋਦੀ ਡਿਸਕਵਰੀ ਦੇ ਵਿਸ਼ਵ ਪ੍ਰਸਿੱਧ ਐਡਵੈਂਚਰ ਸ਼ੋਅ ‘ਮੈਨ ਵਰਸਿਜ਼ ਵਾਈਲਡ’ ਵਿੱਚ ਮਸ਼ਹੂਰ ਹੋਸਟ ਬੇਅਰ ਗ੍ਰਿਲਜ਼ ਦੇ ਨਾਲ ਨਜ਼ਰ ਆਏ ਸਨ। ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੂਜੇ ਅਜਿਹੇ ਭਾਰਤੀ ਰਾਜਨੇਤਾ ਬਣ ਗਏ ਹਨ, ਜਿਨ੍ਹਾਂ ਦੀ ਜੀਵਨ ਯਾਤਰਾ ਡਿਸਕਵਰੀ ਚੈਨਲ ‘ਤੇ ਵਿਖਾਈ ਜਾਵੇਗੀ।ਪਿੰਡ ਸਤੌਜ ਨਾਲ ਭਾਵੁਕ ਰਿਸ਼ਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਆਪਣੇ ਜਨਮ ਸਥਾਨ ਪਿੰਡ ਸਤੌਜ, ਸੰਗਰੂਰ ਨਾਲ ਹਮੇਸ਼ਾ ਹੀ ਭਾਵੁਕ ਰਿਸ਼ਤਾ ਰਿਹਾ ਹੈ। ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ, ਜਦੋਂ ਉਹ ਬਤੌਰ ਮਸ਼ਹੂਰ ਕਲਾਕਾਰ ਅਤੇ ਕਾਮੇਡੀਅਨ ਮੰਚਾਂ ‘ਤੇ ਪ੍ਰਦਰਸ਼ਨ ਕਰਦੇ ਸਨ, ਉਦੋਂ ਵੀ ਉਹ ਆਪਣੇ ਪ੍ਰੋਗਰਾਮਾਂ ਅਤੇ ਕਾਮੇਡੀ ਐਲਬਮਾਂ ਵਿੱਚ ਆਪਣੇ ਪਿੰਡ ਸਤੌਜ ਦਾ ਜ਼ਿਕਰ ਕਰਨਾ ਕਦੇ ਨਹੀਂ ਭੁੱਲਦੇ ਸਨ। ਉਨ੍ਹਾਂ ਦੀਆਂ ਪੇਸ਼ਕਾਰੀਆਂ ਵਿੱਚ ਅਕਸਰ ਪਿੰਡ ਸਤੌਜ ਦੇ ਆਮ ਲੋਕਾਂ ਦੀਆਂ ਗੱਲਾਂ ਅਤੇ ਮਾਲਵੇ ਦੀ ਸੱਭਿਆਚਾਰਕ ਝਲਕ ਸਾਫ਼ ਦੇਖਣ ਨੂੰ ਮਿਲਦੀ ਸੀ, ਜਿਸ ਨੇ ਉਨ੍ਹਾਂ ਨੂੰ ਲੋਕਾਂ ਦੇ ਦਿਲਾਂ ਦੇ ਬਹੁਤ ਨਜ਼ਦੀਕ ਲਿਆਂਦਾ।