ਕੰਚਨ ਭਾਬੀ ਕਤਲ ਕਾਂਡ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋ ਦੀ ਵਿਗੜੀ ਤਬੀਅਤ
ਬਠਿੰਡਾ : ਕੰਚਨ ਭਾਬੀ ਕਤਲ ਕਾਂਡ ਦੇ ਮੁੱਖ ਦੋਸ਼ੀ ਅੰਮ੍ਰਿਤਪਾਲ ਸਿੰਘ ਮਹਿਰੋ ਨੂੰ ਪੇਟ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਅੱਜ ਪੁਲਿਸ ਸੁਰੱਖਿਆ ਹੇਠ ਸਿਵਲ ਹਸਪਤਾਲ ਬਠਿੰਡਾ ਵਿਖੇ ਮੈਡੀਕਲ ਜਾਂਚ ਲਈ ਲਿਆਂਦਾ ਗਿਆ। ਹਸਪਤਾਲ ਵਿੱਚ ਡਾਕਟਰਾਂ ਨੇ ਉਨ੍ਹਾਂ ਦੀ ਜਾਂਚ ਕੀਤੀ ਅਤੇ ਅਲਟਰਾਸਾਊਂਡ ਕਰਵਾਉਣ ਦੀ ਸਲਾਹ ਦਿੱਤੀ ਹੈ ।ਪ੍ਰਾਪਤ ਜਾਣਕਾਰੀ ਅਨੁਸਾਰ ਅੰਮ੍ਰਿਤਪਾਲ ਮਹਿਰੋ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਜਿਸ ਕਾਰਨ ਉਨ੍ਹਾਂ ਦੇ ਵਕੀਲ ਮਨਪ੍ਰੀਤ ਗੜ੍ਹ ਨੇ ਮਾਣਯੋਗ ਅਦਾਲਤ ਨੂੰ ਪੱਤਰ ਦੇ ਕੇ ਅੰਮ੍ਰਿਤਪਾਲ ਦਾ ਮੈਡੀਕਲ ਚੈਕਅੱਪ ਅਤੇ ਲੋੜੀਂਦੇ ਟੈਸਟ ਸਿਵਲ ਹਸਪਤਾਲ ਵਿੱਚ ਕਰਵਾਉਣ ਦੀ ਅਪੀਲ ਕੀਤੀ ਸੀ। ਅਦਾਲਤ ਵੱਲੋਂ ਇਸ ਸਬੰਧੀ ਹੁਕਮ ਜਾਰੀ ਕਰਨ ਤੋਂ ਬਾਅਦ ਉਨ੍ਹਾਂ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਆਂਦਾ ਗਿਆ।ਵਕੀਲ ਮਨਪ੍ਰੀਤ ਗੜ੍ਹ ਨੇ ਦੱਸਿਆ ਕਿ ਅੰਮ੍ਰਿਤਪਾਲ ਨੂੰ ਪੇਟ ਦਰਦ ਦੀ ਸ਼ਿਕਾਇਤ ਸੀ। ਡਾਕਟਰਾਂ ਵੱਲੋਂ ਕੀਤੀ ਮੁਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਦੇ ਦੋਵੇਂ ਗੁਰਦਿਆਂ ਵਿੱਚ ਪੱਥਰੀ ਹੈ। ਡਾਕਟਰਾਂ ਨੇ ਸਥਿਤੀ ਸਪੱਸ਼ਟ ਕਰਨ ਲਈ ਅਲਟਰਾਸਾਊਂਡ ਕਰਵਾਉਣ ਦੀ ਸਲਾਹ ਦਿੱਤੀ ਹੈ। ਹੁਣ ਅਲਟਰਾਸਾਊਂਡ ਅਤੇ ਹੋਰ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਅੰਮ੍ਰਿਤਪਾਲ ਮੇਹਰੋ ਨੂੰ ਹੋਰ ਇਲਾਜ ਲਈ ਹਸਪਤਾਲ ਵਿੱਚ ਰੱਖਿਆ ਜਾਂਦਾ ਹੈ ਜਾਂ ਡਾਕਟਰੀ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਜੇਲ੍ਹ ਭੇਜਿਆ ਜਾਂਦਾ ਹੈ।ਜ਼ਿਕਰਯੋਗ ਹੈ ਕਿ ਕੰਚਨ ਭਾਬੀ ਕਤਲ ਕਾਂਡ ਕਾਫੀ ਸਮੇਂ ਤੋਂ ਚਰਚਾ ‘ਚ ਹੈ ਅਤੇ ਇਸ ਮਾਮਲੇ ‘ਚ ਅੰਮ੍ਰਿਤਪਾਲ ਮਹਿਰੋ ਅਤੇ ਹੋਰ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਚੱਲ ਰਹੀ ਹੈ। ਹੁਣ ਅਦਾਲਤੀ ਕਾਰਵਾਈ ਅਤੇ ਮੈਡੀਕਲ ਰਿਪੋਰਟ ਦੇ ਆਧਾਰ ‘ਤੇ ਹੀ ਅੱਗੇ ਦਾ ਫ਼ੈਸਲਾ ਲਿਆ ਜਾਵੇਗਾ।
SikhDiary