ਬਠਿੰਡਾ ’ਚ ਪਲੇ-ਵੇ ਸਕੂਲਾਂ ਲਈ ਨਵੀਆਂ ਹਿਦਾਇਤਾਂ ਕੀਤੀਆਂ ਗਈਆਂ ਜਾਰੀ
ਬਠਿੰਡਾ : ਅਰਲੀ ਚਾਇਲਡਹੁੱਡ ਕੇਅਰ ਅਤੇ ਸਿੱਖਿਆ ਸਕੀਮ ਦੇ ਤਹਿਤ ਪ੍ਰਾਈਵੇਟ ਪਲੇ-ਵੇ ਸਕੂਲਾਂ ਦੀ ਨਵੀਂ ਰਜਿਸਟ੍ਰੇਸ਼ਨ ਕਰਵਾਉਣ ਸਬੰਧੀ ਪਲੇ-ਵੇ ਸਕੂਲਾਂ ਲਈ ਨਵੀਆਂ ਹਿਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹਿਦਾਇਤਾਂ ਦੇ ਤਹਿਤ ਪੰਜਾਬ ਵਿੱਚ ਚੱਲ ਰਹੇ ਸਾਰੇ ਪ੍ਰਾਈਵੇਟ ਪਲੇ-ਵੇ ਸਕੂਲਾਂ ਨੂੰ ਹੁਣ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੁਆਰਾ ਰਜਿਸਟਰ ਕੀਤਾ ਜਾਵੇਗਾ। ਇਸ ਤੋਂ ਬਾਅਦ, ਸਰਕਾਰ ਕੋਲ ਬੱਚਿਆਂ ਦੇ ਸਾਰੇ ਵੇਰਵੇ ਉਪਲਬਧ ਹੋਣਗੇ। ਜਾਣਕਾਰੀ ਦਿੰਦੇ ਹੋਏ, ਬਠਿੰਡਾ ਦੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪੰਕਜ ਕੁਮਾਰ ਨੇ ਕਿਹਾ ਕਿ ਨਵੇਂ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਇਨ੍ਹਾਂ ਪਲੇਅ-ਵੇਅ ਸਕੂਲਾਂ ਲਈ ਨਵੀਂ ਰਜਿਸਟ੍ਰੇਸ਼ਨ ਅਤੇ ਪੁਰਾਣੀਆਂ ਰਜਿਸਟ੍ਰੇਸ਼ਨਾਂ ਦਾ ਨਵੀਨੀਕਰਨ ਲਾਜ਼ਮੀ ਘੋਸ਼ਿਤ ਕੀਤਾ ਗਿਆ ਹੈ, ਜਿਸ ਵਿੱਚ ਵਿਸਤ੍ਰਿਤ ਨਿਯਮ ਅਤੇ ਨਿਰਦੇਸ਼ ਲਾਗੂ ਹੋਣਗੇ।ਪਲੇ ਸਕੂਲ ਦੀ ਇਮਾਰਤ ਹਵਾਦਾਰ ਹੋਣੀ ਚਾਹੀਦੀ ਹੈ, ਸਕੂਲ ਦੀਆਂ ਚਾਰ ਦੀਵਾਰਾਂ, ਪੀਣ ਵਾਲੇ ਸਾਫ਼ ਪਾਣੀ ਅਤੇ ਨਾਲ ਹੀ ਇੱਕ ਕੇਅਰਟੇਕਰ ਵੀ ਹੋਵੇਗਾ। ਸਕੂਲ ਦਾ ਅੰਦਰੂਨੀ ਢਾਂਚਾ, ਰੈਸਟ ਰੂਮ ਦਾ ਇੰਤਜ਼ਾਮ, ਮੁੰਡੇ-ਕੁੜੀਆਂ ਲਈ ਵੱਖ-ਵੱਖ ਟਾਇਲਟ ਅਤੇ ਸਾਰੇ ਸਕੂਲਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਵੀ ਲਾਜ਼ਮੀ ਕੀਤੇ ਗਏ ਹਨ। ਨਵੀਆਂ ਗਾਈਡਲਾਈਨਜ਼ ਦੇ ਤਹਿਤ ਸਕੂਲਾਂ ਵਿੱਚ ਦਾਖਲੇ ਲਈ ਬੱਚਿਆਂ ਦਾ ਕੋਈ ਸਕ੍ਰੀਨਿੰਗ ਟੈਸਟ ਜਾਂ ਮਾਪਿਆਂ ਦੀ ਕੋਈ ਇੰਟਰਵਿਊ ਨਹੀਂ ਹੋਵੇਗੀ। ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਡਰਾਉਣ ਜਾਂ ਧਮਕਾਉਣ ਤੇ ਰੋਕ ਹੋਵੇਗੀ। ਬੱਚਿਆਂ ‘ਤੇ ਕੋਈ ਵਾਧੂ ਅਕਾਦਮਿਕ ਬੋਝ ਨਹੀਂ ਪਾਇਆ ਜਾਵੇਗਾ।ਪਲੇਅ-ਵੇਅ ਸਕੂਲਾਂ ਲਈ ਬੱਚਿਆਂ ਦੇ ਲਾਇਬ੍ਰੇਰੀਆਂ ਅਤੇ ਸਿਹਤ ਰਿਕਾਰਡਾਂ ਨੂੰ ਬਣਾਈ ਰੱਖਣਾ ਵੀ ਲਾਜ਼ਮੀ ਕੀਤਾ ਗਿਆ ਹੈ। ਬੱਚਿਆਂ ਦੀ ਸੁਰੱਖਿਆ ਲਈ ਸਮੇਂ-ਸਮੇਂ ‘ਤੇ ਅੱਗ ਸੁਰੱਖਿਆ ਅਤੇ ਸਿਹਤ ਸਹੂਲਤਾਂ ਦਾ ਨਿਰੀਖਣ ਕੀਤਾ ਜਾਵੇਗਾ। ਸਕੂਲਾਂ ਵਿੱਚ ਫੀਸਾਂ ਸੰਬੰਧੀ ਦਿਸ਼ਾ-ਨਿਰਦੇਸ਼ ਵੀ ਲਾਗੂ ਕੀਤੇ ਜਾਣਗੇ। ਉਨ੍ਹਾਂ ਅੱਗੇ ਕਿਹਾ ਕਿ ਪਲੇਵੇਅ ਸਕੂਲਾਂ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਹੁਣ ਔਨਲਾਈਨ ਸ਼ੁਰੂ ਕਰ ਦਿੱਤੀ ਗਈ ਹੈ। ਬਠਿੰਡਾ ਜ਼ਿਲ੍ਹੇ ਦੇ ਮੌਜੂਦਾ ਅਤੇ ਆਉਣ ਵਾਲੇ ਪਲੇਵੇਅ ਸਕੂਲਾਂ ਦੇ ਮਾਲਕਾਂ/ਟਰੱਸਟਾਂ ਨੂੰ ਨਵੀਆਂ ਹਦਾਇਤਾਂ ਦੀ ਪਾਲਣਾ ਕਰਕੇ ਜਲਦੀ ਤੋਂ ਜਲਦੀ ਆਪਣੇ ਆਪ ਨੂੰ ਰਜਿਸਟਰ ਕਰਵਾਉਣ ਲਈ ਕਿਹਾ ਗਿਆ ਹੈ।
SikhDiary