ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਦੀ ਸੰਭਾਵਨਾ, ਮੌਸਮ ਵਿਭਾਗ ਨੇ ਯੈਲੋ ਅਲਰਟ ਕੀਤਾ ਜਾਰੀ
ਮੋਹਾਲੀ : ਪੰਜਾਬ ਦੇ ਬਾਕੀ ਹਿੱਸਿਆਂ ਵਿੱਚ ਵੀ ਬੀਤੇ ਦਿਨ ਮਾਨਸੂਨ ਸਰਗਰਮ ਹੋ ਗਿਆ। ਕਈ ਜ਼ਿਲ੍ਹਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦਰਜ ਕੀਤਾ ਗਿਆ, ਜਦੋਂ ਕਿ ਮੌਸਮ ਵਿਭਾਗ ਨੇ ਅੱਜ ਸੂਬੇ ਭਰ ਵਿੱਚ ਮੀਂਹ ਅਤੇ ਸ਼ਨੀਵਾਰ ਅਤੇ ਐਤਵਾਰ ਨੂੰ ਭਾਰੀ ਮੀਂਹ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪਠਾਨਕੋਟ, ਹੁਸ਼ਿਆਰਪੁਰ, ਰੂਪਨਗਰ ਅਤੇ ਮੋਹਾਲੀ ਵਿੱਚ ਕੁਝ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ।ਬੀਤੇ ਦਿਨ ਮੋਹਾਲੀ ਵਿੱਚ 21 ਮਿਲੀਮੀਟਰ, ਲੁਧਿਆਣਾ ਵਿੱਚ 9.6 ਮਿਲੀਮੀਟਰ, ਰੂਪਨਗਰ ਵਿੱਚ 5.5 ਮਿਲੀਮੀਟਰ, ਪਟਿਆਲਾ ਵਿੱਚ 0.9 ਮਿਲੀਮੀਟਰ, ਅਤੇ ਹੁਸ਼ਿਆਰਪੁਰ ਅਤੇ ਪਠਾਨਕੋਟ ਵਿੱਚ 0.5 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਵੱਧ ਤੋਂ ਵੱਧ ਤਾਪਮਾਨ 0.6 ਡਿਗਰੀ ਵਧਿਆ, ਪਰ ਇਹ ਅਜੇ ਵੀ ਆਮ ਨਾਲੋਂ 2.5 ਡਿਗਰੀ ਘੱਟ ਹੈ। ਸਭ ਤੋਂ ਵੱਧ ਤਾਪਮਾਨ 42.4 ਡਿਗਰੀ ਫਰੀਦਕੋਟ ਵਿੱਚ ਦਰਜ ਕੀਤਾ ਗਿਆ।ਮੌਸਮ ਵਿਭਾਗ ਦੇ ਅਨੁਸਾਰ, 3 ਜੁਲਾਈ ਤੋਂ 9 ਜੁਲਾਈ ਤੱਕ ਪੰਜਾਬ ਵਿੱਚ ਸਿਰਫ਼ 11.7 ਮਿਲੀਮੀਟਰ ਮੀਂਹ ਪਿਆ, ਜਦੋਂ ਕਿ ਆਮ ਨਾਲੋਂ ਲਗਭਗ 29.6 ਮਿਲੀਮੀਟਰ ਘੱਟ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਜਲਵਾਯੂ ਪਰਿਵਰਤਨ ਅਤੇ ਖੇਤੀਬਾੜੀ ਮੌਸਮ ਵਿਭਾਗ ਦੇ ਪ੍ਰੋਫੈਸਰ ਪਵਨੀਤ ਕਿੰਗਰਾ ਨੇ ਕਿਹਾ ਕਿ ਮੌਜੂਦਾ ਮੀਂਹ ਝੋਨੇ ਸਮੇਤ ਸਾਉਣੀ ਦੀਆਂ ਫਸਲਾਂ ਲਈ ਲਾਭਦਾਇਕ ਹੈ, ਕਿਉਂਕਿ ਇਸ ਨਾਲ ਖੇਤਾਂ ਵਿੱਚ ਕੁਦਰਤੀ ਨਮੀ ਵਧੇਗੀ। ਹਾਲਾਂਕਿ, ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਪੂਰੇ ਮਾਨਸੂਨ ਦੌਰਾਨ ਮੀਂਹ ਆਮ ਨਾਲੋਂ ਘੱਟ ਰਹਿੰਦੀ ਹੈ, ਤਾਂ ਧਰਤੀ ਹੇਠਲੇ ਪਾਣੀ ‘ਤੇ ਨਿਰਭਰਤਾ ਵਧ ਸਕਦੀ ਹੈ।
SikhDiary