ਗੁਰਦੁਆਰਾ ਟਾਹਲੀ ਸਾਹਿਬ ਮੱਥਾ ਟੇਕ ਕੇ ਵਾਪਸ ਪਰਤ ਰਹੇ 3 ਨੌਜਵਾਨਾਂ ਨਾਲ ਵਾਪਰਿਆ ਦਰਦਨਾਕ ਹਾਦਸਾ , ਇੱਕ ਦੀ ਮੌਤ , ਦੋ ਗੰਭੀਰ ਜ਼ਖਮੀ
ਦੀਨਾਨਗਰ : ਦੀਨਾਨਗਰ-ਗਹਿਲੜੀ ਰੋਡ ‘ਤੇ ਸਥਿਤ ਪਿੰਡ ਨਵਾਂ ਢਾਕਾ ਕੋਲ ਅੱਜ ਸਵੇਰੇ ਇਕ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੁਆਰਾ ਟਾਹਲੀ ਸਾਹਿਬ ਗਹਿਲੱਦੀ ਵਿਖੇ ਮੱਥਾ ਟੇਕਣ ਉਪਰੰਤ ਦੀਨਾਨਗਰ ਵਾਲੇ ਪਾਸੇ ਇੱਕ ਆਲਟੋ ਕਾਰ ਵਿੱਚ ਸਵਾਰ ਤਿੰਨ ਨੌਜਵਾਨ ਘਰ ਪਰਤ ਰਹੇ ਸਨ। ਜਦੋਂ ਉਹ ਪਿੰਡ ਨੀਵਾਂ ਧਕਾਲਾ ਨੇੜੇ ਪਹੁੰਚੇ ਤਾਂ ਕਾਰ ਅਚਾਨਕ ਆਪਣਾ ਸੰਤੁਲਨ ਗੁਆ ਬੈਠੀ, ਜਿਸ ਕਾਰਨ ਕਾਰ ਸੜਕ ਕਿਨਾਰੇ ਲੱਗੇ ਟਾਹਲੀ ਦੇ ਦਰੱਖਤ ਨਾਲ ਜਾ ਟਕਰਾਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦੇ ਟਾਇਰ ਚਕਨਾਚੂਰ ਹੋ ਗਏ।ਇਸ ਹਾਦਸੇ ‘ਚ ਮਾਪਿਆਂ ਦੇ ਇਕਲੌਤੇ ਪੁੱਤਰ ਰਵਿੰਦਰ ਸਿੰਘ ਪੁੱਤਰ ਗੁਰਵਿੰਦਰ ਸਿੰਘ ਵਾਸੀ ਜੰਗਲ (ਦੀਨਾਨਗਰ) ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਨਾਲ ਜਾ ਰਹੇ ਦੋ ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ । ਰਾਹਗੀਰਾਂ ਨੇ ਤੁਰੰਤ ਜ਼ਖਮੀਆਂ ਨੂੰ ਕਾਰ ‘ਚੋਂ ਬਾਹਰ ਕੱਢ ਕੇ ਇਲਾਜ ਲਈ ਨਜ਼ਦੀਕੀ ਹਸਪਤਾਲ ਪਹੁੰਚਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਬਰਹਮਪੁਰ ਦੇ ਅਧਿਕਾਰੀ ਹਰਬੰਸ ਲਾਲ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਇਸ ਦਰਦਨਾਕ ਘਟਨਾ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।
SikhDiary