ਨਾਮੀ ਕੱਪੜਾ ਕਾਰੋਬਾਰੀ ਦੇ ਘਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ‘ਚੋਂ ਇਕ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ

ਗੁਰਦਾਸਪੁਰ : ਕੁਝ ਦਿਨ ਪਹਿਲਾਂ ਬਟਾਲਾ ਸ਼ਹਿਰ ਦੇ ਇਕ ਨਾਮੀ ਕੱਪੜਾ ਕਾਰੋਬਾਰੀ ਦੇ ਘਰ ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਗ੍ਰਿਫ਼ਤਾਰ ਕੀਤੇ ਗਏ ਦੋ ਦੋਸ਼ੀਆਂ ‘ਚੋਂ ਇਕ ਪੁਲਿਸ ਮੁਕਾਬਲੇ ਦੌਰਾਨ ਜ਼ਖਮੀ ਹੋ ਗਿਆ। ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਨ੍ਹਾਂ ਦੀ ਪਛਾਣ ਬਲਦੇਵ ਸਿੰਘ ਉਰਫ਼ ਕਰਨ ਅਤੇ ਕੁਲਦੀਪ ਸਿੰਘ ਵਾਸੀ ਪਿੰਡ ਖਜਾਲਾ ਵਜੋਂ ਹੋਈ ਸੀ।ਜਾਣਕਾਰੀ ਅਨੁਸਾਰ ਥਾਣਾ ਸਿਵਲ ਲਾਈਨ ਦੀ ਪੁਲਿਸ ਬਲਦੇਵ ਸਿੰਘ ਉਰਫ਼ ਕਰਨ ਨੂੰ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਲਈ ਥਾਣਾ ਘੁਮਾਣ ਇਲਾਕੇ ਵਿੱਚ ਲੈ ਗਈ ਸੀ। ਇਸ ਦੌਰਾਨ ਮੁਲਜ਼ਮਾਂ ਨੇ ਮੌਕੇ ਦਾ ਫਾਇਦਾ ਉਠਾਉਂਦਿਆਂ ਪੁਲਿਸ ਪਾਰਟੀ ’ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀ ਚਲਾ ਦਿੱਤੀ, ਜਿਸ ‘ਚ ਗੋਲੀ ਦੋਸ਼ੀ ਦੀ ਲੱਤ ‘ਚ ਲੱਗੀ ਅਤੇ ਉਹ ਜ਼ਖਮੀ ਹੋ ਗਿਆ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ. ਬਟਾਲਾ ਡਾ: ਮਹਿਤਾਬ ਸਿੰਘ, ਐਸ.ਪੀ ਇਨਵੈਸਟੀਗੇਸ਼ਨ ਰਮਿੰਦਰ ਸਿੰਘ, ਡੀ.ਐਸ.ਪੀ. ਸਿਟੀ ਸੁਖਿੰਦਰ ਸਿੰਘ, ਡੀ.ਐਸ.ਪੀ. ਸ੍ਰੀ ਹਰਗੋਬਿੰਦਪੁਰ, ਥਾਣਾ ਸਿਵਲ ਲਾਈਨ ਦੇ ਐਸ.ਐਚ.ਓ. ਗੁਰਮੀਤ ਸਿੰਘ ਅਤੇ ਸੀ.ਆਈ.ਏ. ਸਟਾਫ਼ ਦੇ ਇੰਚਾਰਜ ਸੁਖਰਾਜ ਸਿੰਘ ਭਾਰੀ ਪੁਲਿਸ ਫੋਰਸ ਨਾਲ ਮੌਕੇ ’ਤੇ ਪੁੱਜੇ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।ਜ਼ਖਮੀ ਮੁਲਜ਼ਮ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ। ਖ਼ਬਰ ਲਿਖੇ ਜਾਣ ਤੱਕ ਪੁਲਿਸ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕਰਨ ‘ਚ ਲੱਗੀ ਹੋਈ ਸੀ। ਪੁਲਿਸ ਮੁਕਾਬਲੇ ਅਤੇ ਹਥਿਆਰ ਬਰਾਮਦਗੀ ਨਾਲ ਸਬੰਧਤ ਹੋਰ ਪਹਿਲੂਆਂ ਦੀ ਵੀ ਜਾਂਚ ਕਰ ਰਹੀ ਹੈ।