ਜਲੰਧਰ ਦੇ ਫੋਲਡੀਵਾਲ ਇਲਾਕੇ ’ਚ ਖੜ੍ਹੀ ਸਕਾਰਪੀਓ ਕਾਰ ਨੂੰ ਅਚਾਨਕ ਲੱਗੀ ਭਿਆਨਕ ਅੱਗ, 1 ਵਿਅਕਤੀ ਦੀ ਮੌਤ
ਜਲੰਧਰ : ਫੋਲਡੀਵਾਲ ਇਲਾਕੇ ਵਿੱਚ ਖੜ੍ਹੀ ਇੱਕ ਸਕਾਰਪੀਓ ਕਾਰ ਨੂੰ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਗੱਡੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਮਿਲੀ ਜਾਣਕਾਰੀ ਦੇ ਅਨੁਸਾਰ, ਘਟਨਾ ਦੇ ਦੌਰਾਨ ਡਰਾਈਵਿੰਗ ਸੀਟ ‘ਤੇ ਬੈਠਾ ਡਰਾਈਵਰ ਵੀ ਅੱਗ ਦੀ ਲਪੇਟ ਵਿੱਚ ਆ ਗਿਆ ਅਤੇ ਜ਼ਿੰਦਾ ਸੜ ਗਿਆ। ਹਾਲਾਂਕਿ ਹੁਣ ਤੱਕ ਮ੍ਰਿਤਕ ਡਰਾਈਵਰ ਦੀ ਪਛਾਣ ਨਹੀਂ ਹੋ ਸਕੀ ਹੈ। ਹਾਦਸੇ ਦੇ ਬਾਅਦ ਲੋਕਾਂ ਵਿੱਚ ਹੜਕੰਪ ਮਚ ਗਿਆ। ਲੋਕਾਂ ਦੇ ਗੱਡੀ ਸੜਦੀ ਦੇਖੀ ਅਤੇ ਤੁਰੰਤ ਅੱਗ ’ਤੇ ਕਾਬੂ ਪਾਉਣ ਦੇ ਲਈ ਪਹੁੰਚੇ।ਇਸ ਦੌਰਾਨ ਲੋਕਾਂ ਨੇ ਦੇਖਿਆ ਕਿ ਕਾਰ ਦੇ ਅੰਦਰ ਇੱਕ ਵਿਅਕਤੀ ਨੂੰ ਜ਼ਿੰਦਾ ਸੜਦੇ ਦੇਖਿਆ। ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਤੁਰੰਤ ਮੌਕੇ ‘ਤੇ ਪਹੁੰਚੀਆਂ। ਫਾਇਰ ਬ੍ਰਿਗੇਡ ਦੇ ਕਰਮਚਾਰੀਆਂ ਨੇ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਅੱਗ ਲੱਗਣ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਹੈ। ਨਾ ਹੀ ਇਹ ਪਤਾ ਲੱਗ ਸਕਿਆ ਹੈ ਕਿ ਕਾਰ ਕਿਸਦੀ ਸੀ ਕਿਉਂਕਿ ਉਸ ‘ਤੇ ਨੰਬਰ ਪਲੇਟ ਨਹੀਂ ਸੀ।ਅੰਦਰ ਵਾਲਾ ਵਿਅਕਤੀ ਵੀ ਪੂਰੀ ਤਰ੍ਹਾਂ ਸੜ ਚੁੱਕਾ ਸੀ। ਅੱਗ ਤਕਨੀਕੀ ਨੁਕਸ ਜਾਂ ਸ਼ਾਰਟ ਸਰਕਟ ਕਾਰਨ ਲੱਗਣ ਦਾ ਸ਼ੱਕ ਹੈ, ਪਰ ਇਸਦੀ ਅਧਿਕਾਰਤ ਤੌਰ ‘ਤੇ ਪੁਸ਼ਟੀ ਨਹੀਂ ਹੋਈ ਹੈ। ਇਹ ਵੀ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਿਸੇ ਨੇ ਇਹ ਜਾਣਬੁੱਝ ਕੇ ਕੀਤਾ ਹੈ। ਕਾਰ ਫੋਲਡੀਵਾਲ ਨੇੜੇ ਖੇਤਾਂ ਵਿੱਚ ਇੱਕ ਛੱਪੜ ਦੇ ਕੋਲ ਮਿਲੀ ਹੈ, ਜਿਸ ਤੋਂ ਇਹ ਸੰਭਾਵਨਾ ਵੱਧ ਜਾਂਦੀ ਹੈ ਕਿ ਕਿਸੇ ਵਿਅਕਤੀ ਨੂੰ ਕਾਰ ਵਿੱਚ ਪਾ ਕੇ ਕਤਲ ਕਰਨ ਤੋਂ ਬਾਅਦ ਸਾੜ ਦਿੱਤਾ ਗਿਆ ਸੀ। ਸੂਚਨਾ ਮਿਲਣ ‘ਤੇ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ।ਮਾਮਲੇ ਦੀ ਜਾਂਚ ਕਰ ਰਹੇ ਏ.ਐਸ.ਆਈ. ਜਸਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 6:30 ਵਜੇ ਇੱਕ ਸਕਾਰਪੀਓ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲੀ। ਇਸ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ, ਐਸ.ਐਚ.ਓ., ਡੀ.ਐਸ.ਪੀ. ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਏ.ਐਸ.ਆਈ. ਨੇ ਕਿਹਾ ਕਿ ਗੱਡੀ ਦਾ ਨੰਬਰ, ਪੀਬੀ 09 ਆਰ 3685, ਪਛਾਣਿਆ ਗਿਆ ਹੈ। ਹਾਲਾਂਕਿ, ਜਦੋਂ ਪੁੱਛਗਿੱਛ ਕੀਤੀ ਗਈ ਤਾਂ ਇਹ ਖੁਲਾਸਾ ਹੋਇਆ ਕਿ ਡਰਾਈਵਰ ਨੇ ਗੱਡੀ ਕਿਸੇ ਹੋਰ ਨੂੰ ਵੇਚ ਦਿੱਤੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਗੱਡੀ ਨੂੰ ਪਿਛਲੇ ਪਾਸੇ ਤੋਂ ਅੱਗ ਲੱਗੀ ਹੋਈ ਸੀ ਅਤੇ ਇੱਕ ਖੰਭੇ ਨਾਲ ਟਕਰਾਉਣ ਤੋਂ ਬਾਅਦ ਇਹ ਰੁਕ ਗਈ ਸੀ।
SikhDiary