ਪੰਜਾਬ ਦੇ 8 ਜ਼ਿਲ੍ਹਿਆਂ ‘ਚ ਤੇਜ਼ ਹਵਾਵਾਂ ਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਜਾਰੀ

ਜਲੰਧਰ : ਪੰਜਾਬ ‘ਚ ਪਿਛਲੇ ਕੁਝ ਦਿਨਾਂ ਤੋਂ ਚੱਲ ਰਹੇ ਤੂਫਾਨ, ਮੀਂਹ ਅਤੇ ਤੇਜ਼ ਹਵਾਵਾਂ ਵਿਚਾਲੇ ਮੌਸਮ ਵਿਭਾਗ ਨੇ ਅੱਜ , 15 ਜੂਨ ਨੂੰ ਫਿਰੋਜ਼ਪੁਰ, ਮੋਗਾ, ਫਰੀਦਕੋਟ, ਫਾਜ਼ਿਲਕਾ, ਸ੍ਰੀ ਮੁਕਤਸਰ ਸਾਹਿਬ, ਬਠਿੰਡਾ, ਮਾਨਸਾ ਸਮੇਤ 8 ਜ਼ਿਲਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਹੈ ਅਤੇ ਇਨ੍ਹਾਂ ਜ਼ਿਲਿਆਂ ‘ਚ ਤੇਜ਼ ਹਵਾਵਾਂ ਅਤੇ ਹਲਕੇ ਤੋਂ ਦਰਮਿਆਨਾ ਮੀਂਹ ਪੈਣ ਦੀ ਸੰਭਾਵਨਾ ਹੈ।ਪਟਿਆਲਾ ਵਿੱਚ ਸਭ ਤੋਂ ਵੱਧ ਤਾਪਮਾਨ ਰਿਕਾਰਡ ਮੌਸਮ ਵਿਭਾਗ ਅਨੁਸਾਰ ਵੈਸਟਰਨ ਡਿਸਟਰਬੈਂਸ ਦੇ ਪ੍ਰਭਾਵ ਹੇਠ ਬਣੇ ਮੌਸਮੀ ਸਿਸਟਮ ਕਾਰਨ ਇਹ ਗਤੀਵਿਧੀਆਂ ਦੇਖਣ ਨੂੰ ਮਿਲ ਰਹੀਆਂ ਹਨ, ਹਾਲਾਂਕਿ ਭਲਕੇ ਮੌਸਮ ਵਿੱਚ ਸੁਧਾਰ ਹੋਣ ਦੀ ਉਮੀਦ ਹੈ ਅਤੇ ਜ਼ਿਆਦਾਤਰ ਇਲਾਕਿਆਂ ਵਿੱਚ ਸਥਿਤੀ ਆਮ ਵਾਂਗ ਹੋਣੀ ਸ਼ੁਰੂ ਹੋ ਜਾਵੇਗੀ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਪੰਜਾਬ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਵਿੱਚ 5.4 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਇਸ ਦੇ ਬਾਵਜੂਦ ਸੂਬੇ ਵਿੱਚ ਤਾਪਮਾਨ ਆਮ ਨਾਲੋਂ 2.2 ਡਿਗਰੀ ਸੈਲਸੀਅਸ ਘੱਟ ਹੈ। ਸੂਬੇ ਵਿੱਚ ਸਭ ਤੋਂ ਵੱਧ ਤਾਪਮਾਨ ਪਟਿਆਲਾ ਵਿੱਚ 38.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।15 ਜੂਨ ਤੋਂ ਬਾਅਦ ਮੌਸਮ ਦੇ ਸਥਿਰ ਰਹਿਣ ਦੀ ਸੰਭਾਵਨਾ ਵੱਡੇ ਸ਼ਹਿਰਾਂ ਵਿੱਚੋਂ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ, ਲੁਧਿਆਣਾ ਦਾ 36.2 ਡਿਗਰੀ, ਪਠਾਨਕੋਟ ਦਾ 35.7 ਡਿਗਰੀ ਅਤੇ ਰੂਪਨਗਰ ਦਾ 34.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਹਾਲ ਹੀ ਵਿੱਚ ਪਏ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਲੋਕਾਂ ਨੂੰ ਕਹਿਰ ਦੀ ਗਰਮੀ ਤੋਂ ਰਾਹਤ ਮਿਲੀ ਹੈ। ਅਗਲੇ 24 ਘੰਟਿਆਂ ਦੌਰਾਨ ਕੁਝ ਥਾਵਾਂ ‘ਤੇ ਤੇਜ਼ ਹਵਾਵਾਂ ਦੇ ਨਾਲ ਹਨੇਰੀ ਆ ਸਕਦੀ ਹੈ, ਜਦਕਿ ਅੱਜ , 15 ਜੂਨ ਤੋਂ ਬਾਅਦ ਮੌਸਮ ਮੁਕਾਬਲਤਨ ਸਥਿਰ ਰਹਿਣ ਦੀ ਸੰਭਾਵਨਾ ਹੈ।