ਲੁਧਿਆਣਾ ਜ਼ੋਨਲ ਯੂਨਿਟ ਨੇ ਲਗਭਗ 19.90 ਕਰੋੜ ਰੁਪਏ ਦੀ ਹੈਰੋਇਨ ਸਮੇਤ ਇੱਕ ਵਿਅਕਤੀ ਕੀਤਾ ਗ੍ਰਿਫ਼ਤਾਰ
ਲੁਧਿਆਣਾ: ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਲੁਧਿਆਣਾ ਜ਼ੋਨਲ ਯੂਨਿਟ ਨੇ ਲਗਭਗ 19.90 ਕਰੋੜ ਰੁਪਏ ਦੀ ਹੈਰੋਇਨ (ਚਿੱਟਾ) ਬਰਾਮਦ ਕਰਕੇ ਇਸ ਮਾਮਲੇ ‘ਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀ.ਆਰ.ਆਈ. ਅਧਿਕਾਰੀਆਂ ਨੂੰ ਸੂਚਨਾ ਮਿਲੀ ਸੀ ਕਿ ਇਕ ਵਾਹਨ ਰਾਹੀਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾ ਰਹੀ ਹੈ। ਇਸ ਦੇ ਆਧਾਰ ‘ਤੇ ਅਧਿਕਾਰੀਆਂ ਨੇ ਲੁਧਿਆਣਾ ਦੇ ਬਾਹਰੀ ਇਲਾਕੇ ‘ਚ ਨਿਗਰਾਨੀ ਸ਼ੁਰੂ ਕਰ ਦਿੱਤੀ ਹੈ। ਸਵੇਰੇ 11 ਵਜੇ ਦੇ ਕਰੀਬ ਸ਼ੱਕੀ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਡਰਾਈਵਰ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਡੀ.ਆਰ.ਆਈ. ਟੀਮ ਨੇ ਪਿੱਛਾ ਕਰਕੇ ਗੱਡੀ ਨੂੰ ਰੋਕ ਲਿਆ।ਤਲਾਸ਼ੀ ਦੌਰਾਨ ਕਾਰ ਦੀ ਡੀਕੀ ‘ਚ ਰੱਖੇ ਬੈਗ ‘ਚੋਂ 18 ਪੈਕਟ ਬਰਾਮਦ ਹੋਏ। ਜਾਂਚ ਦੌਰਾਨ ਇਹ ਪਦਾਰਥ ਹੈਰੋਇਨ (ਚਿੱਟਾ) ਪਾਇਆ ਗਿਆ। ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਵਜ਼ਨ 9.948 ਕਿਲੋ ਹੈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੀਮਤ 19.90 ਕਰੋੜ ਰੁਪਏ ਦੇ ਕਰੀਬ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਗੱਡੀ ‘ਚੋਂ 1.64 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਡੀ.ਆਰ.ਆਈ. ਹੈਰੋਇਨ ਦੀ ਤਸਕਰੀ ਵਿੱਚ ਵਰਤੀ ਜਾਂਦੀ ਗੱਡੀ, ਬੈਗ ਅਤੇ ਨਕਦੀ ਨੂੰ ਐਨ.ਡੀ.ਪੀ.ਐਸ. ਐਕਟ 1985 ਦੇ ਤਹਿਤ ਜ਼ਬਤ ਕਰ ਲਿਆ ਗਿਆ ਹੈ। ਗੱਡੀ ‘ਚ ਸਫ਼ਰ ਕਰ ਰਹੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
SikhDiary