ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ‘ਰੈਪੀਡੋ’ ਐਪ-ਅਧਾਰਤ ਆਵਾਜਾਈ ਸੇਵਾ ਕੀਤੀ ਗਈ ਸ਼ੁਰੂ

ਫਿਰੋਜ਼ਪੁਰ: ਰੇਲਵੇ ਯਾਤਰੀਆਂ ਦੀ ਸਹੂਲਤ ਲਈ, ਅੱਜ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਦੇ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ‘ਰੈਪੀਡੋ’ ਐਪ-ਅਧਾਰਤ ਆਵਾਜਾਈ ਸੇਵਾ ਸ਼ੁਰੂ ਕੀਤੀ ਗਈ ਹੈ। ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ, ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਇਹ ਸੇਵਾ ਗੈਰ-ਕਿਰਾਇਆ ਮਾਲੀਆ ਸੇਵਾ ਦੇ ਤਹਿਤ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ। ਯਾਤਰੀਆਂ ਦੀ ਸਹੂਲਤ ਲਈ, ਸਟੇਸ਼ਨ ‘ਤੇ ਇੱਕ ਸਮਰਪਿਤ ਰੈਪੀਡੋ ਕਾਊਂਟਰ ਵੀ ਸਥਾਪਤ ਕੀਤਾ ਗਿਆ ਹੈ, ਜਿੱਥੇ ਯਾਤਰੀ ਐਪ ਸੰਬੰਧੀ ਜਾਣਕਾਰੀ ਅਤੇ ਸਹਾਇਤਾ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਰੈਪੀਡੋ ਇੱਕ ਭਾਰਤੀ ਐਪ-ਅਧਾਰਤ ਟੈਕਸੀ ਸੇਵਾ ਹੈ, ਜੋ ਈ-ਰਿਕਸ਼ਾ, ਆਟੋ, ਬਾਈਕ ਅਤੇ ਕੈਬ ਦੀ ਬੁਕਿੰਗ ਦੀ ਆਗਿਆ ਦਿੰਦੀ ਹੈ।ਸੈਣੀ ਨੇ ਕਿਹਾ ਕਿ ਇਹ ਪਹਿਲਕਦਮੀ ਯਾਤਰੀਆਂ ਦੀ ਯਾਤਰਾ ਨੂੰ ਕਾਫ਼ੀ ਸੁਵਿਧਾਜਨਕ ਬਣਾਏਗੀ। ਉਨ੍ਹਾਂ ਅੱਗੇ ਕਿਹਾ ਕਿ, ਯਾਤਰੀਆਂ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ, ਭਵਿੱਖ ਵਿੱਚ ਅਜਿਹੀਆਂ ਸੇਵਾਵਾਂ ਨੂੰ ਫਿਰੋਜ਼ਪੁਰ ਡਿਵੀਜ਼ਨ ਦੇ ਹੋਰ ਰੇਲਵੇ ਸਟੇਸ਼ਨਾਂ ਤੱਕ ਵਧਾਇਆ ਜਾਵੇਗਾ। ਇਸ ਪਹਿਲਕਦਮੀ ਦਾ ਉਦੇਸ਼ ਬਿਹਤਰ ਯਾਤਰੀ ਸਹੂਲਤਾਂ ਪ੍ਰਦਾਨ ਕਰਨਾ ਹੈ ਅਤੇ ਨਾਲ ਹੀ ਗੈਰ-ਕਿਰਾਇਆ ਮਾਲੀਆ ਆਮਦਨ ਦੇ ਸਰੋਤਾਂ ਨੂੰ ਵੀ ਮਜ਼ਬੂਤ ​​ਕਰਨਾ ਹੈ। ਉਨ੍ਹਾਂ ਦੱਸਿਆ ਕਿ ਰੈਪੀਡੋ ਐਪ ਨੂੰ ਰੇਲਵਨ ਐਪ ‘ਤੇ ਪ੍ਰਦਰਸ਼ਿਤ ਕਰਨ ਲਈ ਆਈ.ਆਰ.ਸੀ.ਟੀ.ਸੀ. ਨੂੰ ਵੀ ਪ੍ਰਸਤਾਵ ਭੇਜਿਆ ਗਿਆ ਹੈ ,ਤਾਂਕਿ ਯਾਤਰੀ ਇੱਕ ਹੀ ਪਲੇਟਫਾਰਮ ‘ਤੇ ਟ੍ਰੇਨ ਦੀ ਟਿਕਟ ਦੇ ਨਾਲ-ਨਾਲ ਟੈਕਸੀ ਸੇਵਾ ਵੀ ਅਸਾਨੀ ਨਾਲ ਬੁੱਕ ਕਰ ਸਕਣ।