ਜਸ਼ਨਜੀਤ ਸਿੰਘ ਨੂੰ ਹਮਲਾਵਰਾਂ ਤੋਂ ਤਿੰਨ ਜਖਮੀਆਂ ਨੂੰ ਬਚਾਉਣ ਤੇ ਕੀਤਾ ਸਨਮਾਨਿਤ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ 'ਚ ਸਕੀਅ ਕਰਨ ਲਈ ਦੁਨੀਆ ਭਰ 'ਚ ਮਸ਼ਹੂਰ ਸ਼ਹਿਰ ਵਿਸਲਰ ਦੇ ਜਸ਼ਨਜੀਤ ਸਿੰਘ ਸੰਘਾ ਦਾ ਇੱਕ ਅਨਜਾਣ ਵਿਅਕਤੀ ਦੀ ਜਾਨ ਬਚਾਉਣ ਬਦਲੇ ਪੁਲਿਸ ਵਲੋਂ ਸਨਮਾਨ ਕੀਤਾ ਗਿਆ ਹੈ। ਜਸ਼ਨਜੀਤ 6 ਸਾਲ ਪਹਿਲਾਂ ਸਟੂਡੈਂਟ ਵੀਜ਼ੇ 'ਤੇ ਕੈਨੇਡਾ ਆਇਆ ਸੀ। ਨਕੋਦਰ ਨਾਲ ਸਬੰਧਤ ਜਸ਼ਨਜੀਤ ਸਿੰਘ ਸੰਘਾ 11 ਫਰਵਰੀ 2019 ਨੂੰ ਵਿਸਲਰ ਵਿਖੇ ਟੈਕਸੀ ਚਲਾ ਰਿਹਾ ਸੀ, ਜਦ ਵਿਸਲਰ ਵਿਲੇਜ ਲਾਗੇ ਹੋਈ ਲੜਾਈ 'ਚ ਉਸਨੇ ਚਾਕੂ ਵੱਜਣ ਨਾਲ ਜ਼ਖਮੀ ਹੋਏ ਤਿੰਨ ਵਿਅਕਤੀ ਦੇਖੇ, ਜਿਨ੍ਹਾਂ 'ਚ ਇੱਕ ਦੇ ਲੱਗਾ ਜ਼ਖਮ ਜਾਨ ਲੇਵਾ ਸੀ। ਜਸ਼ਨਜੀਤ ਨੇ ਉਸੇ ਵੇਲੇ ਆਪਣੀ ਦਸਤਾਰ ਉਤਾਰਕੇ ਉਸਦੇ ਜ਼ਖਮ ਦੁਆਲੇ ਲਪੇਟ ਦਿੱਤੀ ਤਾਂ ਕੇ ਖੂਨ ਬੰਦ ਹੋ ਜਾਵੇ ਤੇ ਤੁਰੰਤ ਊਸਨੂੰ ਆਪਣੀ ਗੱਡੀ 'ਚ ਪਾ ਕੇ ਹਸਪਤਾਲ ਲੈ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਜਾਨ ਬਚਾ ਲਈ। ਜਦ ਵਿਸਲਰ ਆਰ. ਸੀ. ਐਮ. ਪੀ. ਨੇ ਉਸਦਾ ਮਾਣ-ਸਨਮਾਨ ਕੀਤਾ ਤਾਂ ਉਸਨੇ ਏਨਾ ਹੀ ਕਿਹਾ, "ਕਿਸੇ ਦੀ ਮਦਦ ਕਰਨ ਵਾਲਾ ਬੰਦਾ ਬਣਕੇ ਖੁਸ਼ੀ ਹੋਈ ਹੈ"। ਜਸ਼ਨਜੀਤ ਸਿੰਘ ਸੰਘਾ ਵਰਗੇ ਸਿੱਖ ਹੀ ਦੁਨੀਆ 'ਚ ਸਾਡੇ ਰਾਜਦੂਤ (ਅੰਬੈਸਡਰ) ਹਨ, ਜੋ ਗੁਰੂ ਸਾਹਿਬਾਨ ਵਲੋਂ ਦਿਖਾਏ ਸਿਧਾਤਾਂ 'ਤੇ ਚੱਲ ਕੇ ਮਾਨਵਤਾ ਨੂੰ ਦੱਸਦੇ ਹਨ ਕਿ ਅਸੀਂ ਸਿੱਖ, ਸਰਬੱਤ ਦਾ ਭਲਾ ਮੰਗਣ ਵਾਲੇ ਹਾਂ। ਦੱਸਣਯੋਗ ਹੈ ਕਿ ਜਸ਼ਨਜੀਤ ਦੇ ਪਿਤਾ ਜੀ ਸ. ਜਗਤਾਰ ਸਿੰਘ ਸੰਘਾ ਨਕੋਦਰ ਦੇ ਗੁਰੂ ਨਾਨਕ ਕਾਲਜ (ਲੜਕੇ) 'ਚ ਪੰਜਾਬੀ ਪੜ੍ਹਾਉਂਦੇ ਹਨ ਜਦਕਿ ਉਸਦੇ ਮਾਤਾ ਜੀ ਸਰਦਾਰਨੀ ਸੁਖਿਵੰਦਰ ਕੌਰ ਸੰਘਾ ਗੁਰੂ ਨਾਨਕ ਕਾਲਜ (ਲੜਕੀਆਂ) ਦੇ ਪ੍ਰਿੰਸੀਪਲ ਹਨ। ਜਸ਼ਨਜੀਤ ਸਿੰਘ ਸੰਘਾ ਵੀਰ ਬਹੁਤ ਮਾਣ ਹੈ ਤੇਰੇ 'ਤੇ। ਤੇਰੀ ਇਸ ਹਮਦਰਦੀ ਤੇ ਸਾਹਸ ਭਰੀ ਕਾਰਵਾਈ ਦੀ ਚਰਚਾ ਹੁਣ ਸਾਰੀ ਦੁਨੀਆ 'ਚ ਹੋਵੇਗੀ। ਸ਼ਾਬਾਸ਼ੀਆਂ ਅਤੇ ਅਸ਼ੀਰਵਾਦ ਲੈਣ ਲਈ ਤੇਰਾ ਪੱਲਾ ਛੋਟਾ ਪੈ ਜਾਣਾ।