ਮੁਕੇਰੀਆਂ-ਦਸੂਹਾ ਰੇਲਵੇ ਟਰੈਕ ‘ਤੇ ਵਾਪਰਿਆ ਦਰਦਨਾਕ ਹਾਦਸਾ, 2 ਪ੍ਰਵਾਸੀ ਮਜ਼ਦੂਰਾਂ ਦੀ ਮੌਤ

ਮੁਕੇਰੀਆਂ : ਜਲੰਧਰ-ਪਠਾਨਕੋਟ ਰੇਲਵੇ ਟਰੈਕ ‘ਤੇ ਮੁਕੇਰੀਆਂ ਤੋਂ ਛੇ ਕਿਲੋਮੀਟਰ ਦੂਰ ਅਲੀਪੁਰ ਗੇਟ (ਕਿ.ਮੀ. 67/17,19) ‘ਤੇ ਬੀਤੀ ਦੇਰ ਰਾਤ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋ ਗਈ। ਜਾਣਕਾਰੀ ਦਿੰਦੇ ਹੋਏ ਮੁਕੇਰੀਆਂ ਰੇਲਵੇ ਚੌਕੀ ਦੇ ਇੰਚਾਰਜ ਏ.ਐਸ.ਆਈ. ਮਲਕੀਤ ਸਿੰਘ ਬਾਜਵਾ ਨੇ ਦੱਸਿਆ ਕਿ ਮੁਕੇਰੀਆਂ-ਦਸੂਹਾ ਰੇਲਵੇ ਟਰੈਕ ‘ਤੇ ਮੁਕੇਰੀਆਂ ਤੋਂ 6 ਕਿਲੋਮੀਟਰ ਪਹਿਲਾਂ ਅਲੀਪੁਰ ਫਾਟਕ ਨੇੜੇ ਰੇਲਵੇ ਲਾਈਨ ਪਾਰ ਕਰਦੇ ਸਮੇਂ ਰੇਲਗੱਡੀ ਦੀ ਲਪੇਟ ਵਿੱਚ ਆਉਣ ਕਾਰਨ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਚੰਦਨ ਪਾਸਵਾਨ (37), ਪੁੱਤਰ ਗਣੇਸ਼ੀ ਪਾਸਵਾਨ, ਖੁਥਰਾ (ਬਿਹਾਰ) ਅਤੇ ਰਾਜਨ ਰਿਸ਼ੀ (40), ਪੁੱਤਰ ਨੰਕੂ ਰਿਸ਼ੀ, ਪੂਰਨੀਆ (ਬਿਹਾਰ) ਵਜੋਂ ਹੋਈ ਹੈ। ਰੇਲਵੇ ਪੁਲਿਸ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਮੁਕੇਰੀਆਂ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਹੈ। ਪਰਿਵਾਰਾਂ ਦੇ ਆਉਣ ਤੋਂ ਬਾਅਦ ਢੁਕਵੀਂ ਕਾਰਵਾਈ ਕੀਤੀ ਜਾਵੇਗੀ।