ਤਖਤ ਸ੍ਰੀ ਪਟਨਾ ਸਾਹਿਬ ਦਾ ਮੈਂਬਰ ਢਿਲੋਂ ਅੱਜ ਹੋਵੇਗਾ ਅਕਾਲ ਤਖਤ ਤੋ ਪੇਸ਼

ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੁੱਸਤਾ ਨੂੰ ਚੁਨੌਤੀ ਦੇਣ ਵਾਲੇ ਮਹਿੰਦਰ ਸਿੰਘ ਢਿਲੋ ਮੈਬਰ ਤਖਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਭਲਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਸਨੁਮੱਖ ਪੇਸ਼ ਹੋ ਕੇ ਆਪਣਾ ਸਪੱਸ਼ਟੀਕਰਨ ਤੇ ਮੁਆਫੀਨਾਮਾ ਦੇਣਗੇ। ਤਖਤ ਸ੍ਰੀ ਪਟਨਾ ਸਾਹਿਬ ਦੇ ਲਾਹੇ ਗਏ ਜਥੇਦਾਰ ਗਿਆਨੀ ਇਕਬਾਲ ਸਿੰਘ ਦੇ ਹੱਕ ਵਿੱਚ ਭੁਗਤਣ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਪ੍ਰਤੀ ਅਸਭਿਅਕ ਭਾਸ਼ਾ ਵਰਤਣ ਦੇ ਦੋਸ਼ ਵਿੱਚ ਮਹਿੰਦਰ ਸਿੰਘ ਢਿਲੋਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋ ਆਦੇਸ਼ ਜਾਰੀ ਹੋਏ ਸਨ ਕਿ ਉਹ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਭੁੱਸਤਾ ਨੂੰ ਚੂਨੌਤੀ ਦੇਣ ਦੇ ਦੋਸ਼ ਵਿੱਚ ਖੁਦ ਪੇਸ਼ ਹੋ ਕੇ ਸਪੱਸ਼ਟੀਕਰਨ ਦੇਵੇ ਪਰ ਢਿਲੋਂ ਜਥੇਦਾਰ ਜੀ ਦੀ ਗੈਰ ਹਾਜਰੀ ਵਿੱਚ ਗੋਲਮੋਲ ਤਰੀਕੇ ਨਾਲ ਸਪੱਸ਼ਟੀਕਰਨ ਦੇ ਗਿਆ ਸੀ ਜਿਸ ਤੇ ਅਸੰਤੁਸ਼ਟੀ ਪ੍ਰਗਟ ਕਰਦਿਆ ਜਥੇਦਾਰ ਜੀ ਨੇ ਉਹਨਾਂ ਨੂੰ ਜਾਤੀ ਤੌਰ ਤੇ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਮਹਿੰਦਰ ਸਿੰਘ ਢਿਲੋਂ ਦੀ ਦੀਦਾ ਦਲੇਰੀ ਇਥੋ ਤੱਕ ਵੀ ਪੁੱਜ ਗਈ ਸੀ ਕਿ ਉਸ ਨੇ ਅਦਲਾਤ ਵਿੱਚ ਵੀ ਜਾ ਕੇ ਹਲਫੀਆ ਬਿਆਨ ਦੇ ਦਿੱਤਾ ਸੀ ਕਿ ਗਿਆਨੀ ਇਕਬਾਲ ਸਿੰਘ ਨੂੰ ਆਹੁਦੇ ਤੋ ਫਾਰਗ ਕਰਨ ਦਾ ਅਕਾਲ ਤਖਤ ਨੂੰ ਕੋਈ ਅਧਿਕਾਰ ਨਹੀ ਹੈ ਜਿਸ ਨੂੰ ਲੈ ਕੇ ਪੰਥਕ ਸਫਾ ਵਿੱਚ ਕਾਫੀ ਚਰਚਾ ਵੀ ਹੋਈ ਸੀ ਤੇ ਦੇਸ਼ ਵਿਦੇਸ਼ ਦੀਆ ਸੰਗਤਾਂ ਨੇ ਜਥੇਦਾਰ ਜੀ ਨੂੰ ਲਿਖਤੀ, ਵੱਟਸ ਅੱਪ ਤੇ ਹੋਰ ਕਈ ਤਰੀਕਿਆ ਨਾਲ ਸ਼ਕਾਇਤਾਂ ਕੀਤੀਆ ਕਿ ਢਿਲੋ ਵੱਲੋ ਕੀਤੀ ਹਿਕਾਮਤ ਦੇ ਵਿਰੁੱਧ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ। ਮਹਿੰਦਰ ਸਿੰਘ ਢਿਲੋ ਵੱਲੋ ਪਹਿਲਾਂ ਭੇਜੇ ਗਏ ਸਪੱਸ਼ਟੀਕਰਨ ਤੇ ਜਥੇਦਾਰ ਜੀ ਨੇ ਪ੍ਰਵਾਨ ਕਰਨ ਤੋ ਇਨਕਾਰ ਕਰ ਦਿੱਤਾ ਸੀ। ਗਿਆਨੀ ਇਕਬਾਲ ਸਿੰਘ ਕਰੀਬ ਤਖਤ ਸ੍ਰੀ ਪਟਨਾ ਸਾਹਿਬ ਦੇ 35 ਸਾਲ ਜਥੇਦਾਰ ਰਹੇ ਤੇ ਉਹਨਾਂ ਤੇ ਚਰਿੱਤਰਹੀਣਤਾ ਤੋ ਇਲਾਵਾ ਹੋਰ ਵੀ ਕਈ ਸੰਗੀਨ ਦੋਸ਼ ਲੱਗੇ ਸਨ ਜਿਹਨਾਂ ਵਿੱਚ ਇੱਕ ਤੋ ਵੱਧ ਸ਼ਾਦੀਆ ਕਰਾਉਣੀਆ ਤੇ ਕਮੇਟੀ ਦਾ 80 ਲੱਖ ਰੁਪਈਆ ਹੜੱਪਣਾ ਵੀ ਸ਼ਾਮਲ ਸੀ। ਗਿਆਨੀ ਇਕਬਾਲ ਸਿੰਘ ਵੀ ਕਈ ਵਾਰੀ ਕਹਿ ਚੁੱਕੇ ਸਨ ਕਿ ਤਖਤ ਸ੍ਰੀ ਪਟਨਾ ਸਾਹਿਬ ਸੁਪਰੀਮ ਹੈ ਤੇ ਇਥੋ ਤੱਕ ਇੱਕ ਵਾਰੀ ਤਾਂ ਸਮਕਾਲੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਪੰਥ ਵਿੱਚੋ ਛੇਕਣ ਦਾ ਐਲਾਨ ਵੀ ਕਰ ਦਿੱਤਾ ਸੀ ਤੇ ਉਸ ਤੋ ਬਾਅਦ ਗਿਆਨੀ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਹੋਣ ਵਾਲੀਆ ਮੀਟਿੰਗਾਂ ਵਿੱਚ ਵੀ ਭਾਗ ਨਹੀ ਲੈਣ ਦਿੱਤਾ ਗਿਆ ਸੀ। ਇੱਕ ਵਾਰੀ ਤਾਂ ਮੀਟਿੰਗ ਵਿੱਚ ਭਾਗ ਲੈਣ ਆਏ ਗਿਆਨੀ ਇਕਬਾਲ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਦੇ ਬਾਹਰੋਂ ਹੀ ਬਦਰੰਗ ਲਿਫਾਫੇ ਵਾਂਗ ਮੋੜ ਦਿੱਤਾ ਗਿਆ ਸੀ। ਤਖਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਅਵਤਾਰ ਸਿੰਘ ਹਿੱਤ ਨੇ ਇੱਕ ਇੰਟਰਵਿਊ ਵਿੱਚ ਇਥੋ ਤੱਕ ਕਹਿ ਦਿੱਤਾ ਸੀ ਕਿ ਗਿਆਨੀ ਇਕਬਾਲ ਸਿੰਘ ਨੂੰ ਤਖਤ ਸ੍ਰੀ ਪਟਨਾ ਸਾਹਿਬ ਦਾ ਦੁਬਾਰਾ ਜਥੇਦਾਰ ਲਗਾਉਣ ਲਈ ਉਹਨਾਂ ਤੇ ਆਰ ਐਸ ਐਸ ਨੇ ਭਾਰੀ ਦਬਾਅ ਪਾਇਆ ਸੀ ਪਰ ਜਦੋਂ ਉਹਨਾਂ ਨੇ ਗਿਆਨੀ ਇਕਬਾਲ ਸਿੰਘ ਦੇ ਪਰਦੇ ਉਧੇੜੇ ਤਾਂ ਫਿਰ ਆਰ ਐਸ ਐਸ ਵਾਲੇ ਚੁੱਪ ਕਰ ਗਏ । ਸ੍ਰ ਅਵਤਾਰ ਸਿੰਘ ਵੱਲੋ ਕੀਤੇ ਇੰਕਸ਼ਾਫ ਤੋ ਸਪੱਸ਼ਟ ਹੋ ਗਿਆ ਹੈ ਕਿ ਆਰ ਐਸ ਐਸ ਦਾ ਸਿੱਖ ਪੰਥ ਵਿੱਚ ਦਖਲ ਵੱਡੀ ਪੱਧਰ ‘ਤੇ ਹੈ ਅਤੇ ਜਦੋ 2003 ਵਿੱਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਉਸ ਸਮੇਂ ਆਰ ਐਸ ਐਸ ਦੇ ਆਗੂਆਂ ਨੇ ਗਿਆਨੀ ਵੇਦਾਂਤੀ ਨੂੰ ਸਿੱਟੇ ਭੁਗਤਣ ਦੀ ਧਮਕੀ ਵੀ ਦਿੱਤੀ ਸੀ। ਭਾਈ ਮਹਿੰਦਰ ਸਿੰਘ ਢਿਲੋਂ ਵੱਲੋ ਦਿੱਤੇ ਜਾਣ ਵਾਲੇ ਸਪੱਸ਼ਟੀਕਰਨ ਤੇ ਜਥੇਦਾਰ ਜੀ ਸੰਤੁਸ਼ਟ ਹੁੰਦੇ ਹਨ ਜਾਂ ਨਹੀ ਇਹ ਤਾਂ ਭਲਕੇ ਹੀ ਪਤਾ ਲੱਗੇਗਾ ਪਰ ਹਾਲ ਦੀ ਘੜੀ ਢਿਲੋ ਦੇ ਸਿਰ ਤੇ ਮਰਿਆਦਾ ਦੀ ਤਲਵਾਰ ਲਟਕ ਰਹੀ ਹੈ।