ਦੋ ਵਿਅਕਤੀ 1.5 ਕਿਲੋ ਹੈਰੋਇਨ ਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ

ਆਦਮਪੁਰ: ਜਲੰਧਰ ਦਿਹਾਤੀ ਦੇ ਐਸ.ਐਸ.ਪੀ. ਹਰਵਿੰਦਰ ਸਿੰਘ ਵਿਰਕ ਵੱਲੋਂ ਨਸ਼ਾ ਤਸਕਰਾਂ ਨੂੰ ਫੜਨ ਲਈ ਚਲਾਈ ਗਈ ਮੁਹਿੰਮ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਐਸ.ਪੀ ਜਲੰਧਰ ਦਿਹਾਤੀ ਮੁਕੇਸ਼ ਕੁਮਾਰ ਅਤੇ ਡੀ.ਐਸ.ਪੀ. ਆਦਮਪੁਰ ਸਬ ਡਿਵੀਜ਼ਨ ਰਾਜੀਵ ਕੁਮਾਰ ਦੀ ਨਿਗਰਾਨੀ ਹੇਠ ਆਦਮਪੁਰ ਦੇ ਸਟੇਸ਼ਨ ਹਾਊਸ ਅਫ਼ਸਰ ਇੰਸਪੈਕਟਰ ਰਵਿੰਦਰ ਪਾਲ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਦੋ ਵਿਅਕਤੀਆਂ ਨੂੰ 1.5 ਕਿਲੋ ਹੈਰੋਇਨ ਅਤੇ ਇੱਕ ਕਾਰ ਸਮੇਤ ਗ੍ਰਿਫ਼ਤਾਰ ਕੀਤਾ।ਇਸ ਸਬੰਧੀ ਐਸ.ਪੀ ਮੁਕੇਸ਼ ਕੁਮਾਰ ਅਤੇ ਡੀ.ਐਸ.ਪੀ. ਰਾਜੀਵ ਕੁਮਾਰ ਨੇ ਦੱਸਿਆ ਕਿ ਏ.ਐਸ.ਆਈ. ਪਰਮਜੀਤ ਸਿੰਘ ਪੁਲਿਸ ਨਾਲ ਗਸ਼ਤ ਦੌਰਾਨ ਬਿਆਸ ਪਿੰਡ ਤੋਂ ਲਗਭਗ 300 ਮੀਟਰ ਪਿੱਛੇ ਪਹੁੰਚੇ ਜਦੋਂ ਗਗਨਦੀਪ ਸਿੰਘ ਉਰਫ਼ ਕਰਨਦੀਪ ਪੁੱਤਰ ਗੁਰਜੰਟ ਸਿੰਘ ਅਤੇ ਗੁਰਨਿਸ਼ਾਨ ਸਿੰਘ ਉਰਫ਼ ਨਿਸ਼ਾਨ ਪੁੱਤਰ ਬਲਦੇਵ ਸਿੰਘ, ਦੋਵੇਂ ਵਾਸੀ ਪਿੰਡ ਮਾੜੀ ਮੇਘਾ, ਤਹਿਸੀਲ ਪੱਟੀ, ਥਾਣਾ ਖਾਲੜਾ, ਜ਼ਿਲ੍ਹਾ ਤਰਨਤਾਰਨ, ਇੱਕ ਸਵਿਫਟ ਡਿਜ਼ਾਇਰ ਕਾਰ (ਨੰਬਰ ਡੀ.ਐਲ 9 ਸੀ-ਡਬਲਯੂ 7335) ਵਿੱਚ ਸਫ਼ਰ ਕਰ ਰਹੇ ਸਨ।ਇਸ ਦੌਰਾਨ ਤਲਾਸੀ ਲੈਣ ‘ਤੇ ਦੋਸ਼ੀ ਗਗਨਦੀਪ ਸਿੰਘ ਉਰਫ ਕਰਨਦੀਪ ਦੇ ਬੈਗ ਤੋਂ ਡੇਢ ਕਿਲੋ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਉਸ ਵਿਰੁੱਧ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21ਸੀ, 61, 85 ਤਹਿਤ ਮਾਮਲਾ ਦਰਜ ਕੀਤਾ ਹੈ ਅਤੇ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਪੁਲਿਸ ਰਿਮਾਂਡ ਲੈ ਕੇ ਪੁੱਛਗਿੱਛ ਜਾਰੀ ਹੈ।ਥਾਣਾ ਆਦਮਪੁਰ ਦੇ ਇੰਚਾਰਜ ਇੰਸਪੈਕਟਰ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਡੇਢ ਕਿਲੋ ਹੈਰੋਇਨ ਨਾਲ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਗਗਨਦੀਪ ਸਿੰਘ ਉਰਫ ਕਰਨਦੀਪ ਵਿਰੁੱਧ ਥਾਣਾ ਸਦਰ ਪੱਟੀ ਤਰਨਤਾਰਨ, ਥਾਣਾ ਖੇਮਕਰਨ ਤਰਨਤਾਰਨ, ਥਾਣਾ ਖਾਲੜਾ ਤਰਨਤਾਰਨ ਵਿੱਚ ਕਈ ਮਾਮਲੇ ਦਰਜ ਹਨ।