ਸਿਹਤ ਮੰਤਰੀ ਨੇ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਵੱਖ-ਵੱਖ ਸਮਾਗਮਾਂ ’ਚ ਭਰੀ ਹਾਜ਼ਰੀ
ਪਟਿਆਲਾ : ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਬੀਤੇ ਦਿਨ ਸ੍ਰੀ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਪਾਵਨ ਮੌਕੇ ਪਟਿਆਲਾ ਦਿਹਾਤੀ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਇਲਾਕਿਆਂ ਵਿੱਚ ਕਰਵਾਏ ਸਮਾਗਮਾਂ ਵਿੱਚ ਹਾਜ਼ਰੀ ਭਰੀ। ਡਾ. ਬਲਬੀਰ ਸਿੰਘ ਨੇ ਸ੍ਰੀ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਨੂੰ ਯਾਦ ਕਰਦਿਆਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਰਹਿੰਦੀ ਦੁਨੀਆਂ ਤੱਕ ਸਮੁੱਚੀ ਮਾਨਵਤਾ ਨੂੰ ਸੇਧ ਦਿੰਦੀਆਂ ਰਹਿਣਗੀਆਂ। ਇਸ ਦੌਰਾਨ ਇਲਾਕਾ ਨਿਵਾਸੀਆਂ ਨੇ ਮੰਤਰੀ ਡਾ. ਬਲਬੀਰ ਸਿੰਘ ਨੂੰ ਸਨਮਾਨਿਤ ਵੀ ਕੀਤਾ।ਗੁਰੂ ਰਵਿਦਾਸ ਮੰਦਿਰ ਪਿੰਡ ਲੌਟ, ਦੰਦਰਾਲਾ ਖਰੌੜ, ਸਿਉਨਾ, ਗੁਰੂ ਰਵਿਦਾਸ ਭਵਨ ਰਣਜੀਤ ਨਗਰ, ਪਿੰਡ ਝਿੱਲ, ਗੁਰਦੁਆਰਾ ਭਗਤ ਧੰਨਾ ਜੀ, ਨੰਦਪੁਰ ਕੇਸੋ ਵਿਖੇ ਕਰਵਾਏ ਨਗਰ ਕੀਰਤਨ, ਪਿੰਡ ਬਾਰਨ ਅਤੇ ਫੈਕਟਰੀ ਏਰੀਆ ਵਿਖੇ ਸੰਗਤ ਵੱਲੋਂ ਕਰਵਾਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਜ ਨੂੰ ਸਮਾਨਤਾ, ਭਰਾਤਰੀਭਾਵ, ਪ੍ਰੇਮ ਅਤੇ ਮਨੁੱਖਤਾ ਦੇ ਰਾਹ ‘ਤੇ ਤੁਰਨ ਦੀ ਪ੍ਰੇਰਣਾ ਦਿੱਤੀ। ਉਨ੍ਹਾਂ ਕਿਹਾ ਕਿ ਗੁਰੂ ਜੀ ਦੀਆਂ ਸਿੱਖਿਆਵਾਂ ਸਿਰਫ਼ ਪੰਜਾਬ ਜਾਂ ਭਾਰਤ ਵਾਸੀਆਂ ਲਈ ਹੀ ਨਹੀਂ ਸਗੋਂ ਪੂਰੀ ਦੁਨੀਆਂ ਤੇ ਮਾਨਵਤਾ ਲਈ ਮਾਰਗਦਰਸ਼ਕ ਹਨ ਅਤੇ ਮਨੁੱਖਤਾ ਨੂੰ ਹਮੇਸ਼ਾਂ ਨੇਕੀ, ਇਮਾਨਦਾਰੀ ਅਤੇ ਸੇਵਾ ਦੀ ਪ੍ਰੇਰਣਾ ਦਿੰਦੀਆਂ ਰਹਿਣਗੀਆਂ।ਡਾ. ਬਲਬੀਰ ਸਿੰਘ ਨੇ ਇਲਾਕਾ ਵਾਸੀਆਂ ਨੂੰ ਗੁਰੂ ਰਵਿਦਾਸ ਜੀ ਦੀਆਂ ਸਿੱਖਿਆਵਾਂ ਤੋਂ ਪ੍ਰੇਰਨਾ ਲੈਣ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਸਰਗਰਮ ਹਿੱਸਾ ਲੈਣ ਲਈ ਸੱਦਾ ਦਿੱਤਾ। ਇਸ ਦੌਰਾਨ ਜ਼ਿਲ੍ਹਾ ਪ੍ਰਧਾਨ ਦਿਹਾਤੀ ਹਰਪਾਲ ਸਿੰਘ ਵਿਰਕ, ਜਸਬੀਰ ਸਿੰਘ ਗਾਂਧੀ, ਸਰਪੰਚ ਬਲਕਾਰ ਸਿੰਘ, ਕੇਸਰ ਸਿੰਘ, ਨਸੀਬ ਸਿੰਘ, ਸੁਰਜੀਤ ਸਿੰਘ, ਤਰਸੇਮ ਸਿੰਘ ਸੋਨੀ, ਰਾਮ ਸਿੰਘ ਅਤੇ ਗਿਆਨ ਚੰਦ ਸਮੇਤ ਵੱਡੀ ਗਿਣਤੀ ਸੰਗਤ ਤੇ ਹੋਰ ਪਤਵੰਤੇ ਹਾਜ਼ਰ ਸਨ।
SikhDiary