ਜਨਗਣਨਾ 2026 ਲਈ ‘ਸਵੈ-ਗਣਨਾ’ ਮੁਹਿੰਮ ਦੀ ਸ਼ੁਰੂਆਤ, ਨਗਰ ਨਿਗਮ ਕਮਿਸ਼ਨਰ ਵੱਲੋਂ ਸ਼ਹਿਰ ਵਾਸੀਆਂ ਨੂੰ ਪੋਰਟਲ ਰਾਹੀਂ ਵੇਰਵੇ ਦਰਜ ਕਰਨ ਦੀ ਅਪੀਲ

ਪਟਿਆਲਾ : ਭਾਰਤ ਦੀ ਅਗਲੀ ਜਨਗਣਨਾ ਨੂੰ ਸੁਚਾਰੂ ਢੰਗ ਨਾਲ ਨੇਪਰੇ ਚਾੜ੍ਹਨ ਲਈ ਜਨਗਣਨਾ ਕਾਰਜ ਪੰਜਾਬ ਦੇ ਡਿਪਟੀ ਡਾਇਰੈਕਟਰ ਸ਼੍ਰੀ ਅਮਿਤ ਕੁਮਾਰ ਭਾਰਗਵ ਅਤੇ ਸਟੈਟਿਸਟੀਕਲ ਇਨਵੈਸਟੀਗੇਟਰ ਗ੍ਰੇਡ-2 ਮਿਸ ਨਿਧੀ ਵੱਲੋਂ ਅੱਜ ਪਟਿਆਲਾ ਦਾ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨਾਲ ਮੁਲਾਕਾਤ ਕਰਕੇ ਜਨਗਣਨਾ ਦੀ ਪ੍ਰਕਿਰਿਆ ਅਤੇ ਖ਼ਾਸ ਕਰਕੇ ‘ਸਵੈ-ਗਣਨਾ’ ਸਬੰਧੀ ਵਿਸਥਾਰਪੂਰਵਕ ਚਰਚਾ ਕੀਤੀ।ਡਿਪਟੀ ਡਾਇਰੈਕਟਰ ਅਮਿਤ ਭਾਰਗਵ ਨੇ ਦੱਸਿਆ ਕਿ ਜਨਗਣਨਾ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਇਸ ਵਾਰ ‘ਸਵੈ-ਗਣਨਾ’ ਦਾ ਮੌਕਾ ਦਿੱਤਾ ਜਾ ਰਿਹਾ ਹੈ। ਇਸ ਤਹਿਤ ਲੋਕ 30 ਅਪ੍ਰੈਲ ਤੋਂ 14 ਮਈ 2026 ਤੱਕ ਸਰਕਾਰੀ ਪੋਰਟਲ https://se.census.gov.in/ ‘ਤੇ ਜਾ ਕੇ ਆਪਣੇ ਅਤੇ ਆਪਣੇ ਪਰਿਵਾਰ ਦੇ ਵੇਰਵੇ ਖ਼ੁਦ ਦਰਜ ਕਰ ਸਕਦੇ ਹਨ। ਵੇਰਵੇ ਦਰਜ ਕਰਨ ਤੋਂ ਬਾਅਦ ਇੱਕ ਸਵੈ-ਗਣਨਾ ਆਈ.ਡੀ. ਤਿਆਰ ਹੋਵੇਗੀ। ਇਹ ਆਈ.ਡੀ. ਸੰਭਾਲ ਕੇ ਰੱਖਣੀ ਹੋਵੇਗੀ ਅਤੇ ਜਦੋਂ ਗਣਨਾਕਾਰ ਘਰ-ਘਰ ਆਉਣਗੇ, ਤਾਂ ਉਨ੍ਹਾਂ ਨਾਲ ਇਹ ਆਈ.ਡੀ. ਸਾਂਝੀ ਕਰਨੀ ਹੋਵੇਗੀ।ਨਗਰ ਨਿਗਮ ਕਮਿਸ਼ਨਰ ਨੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਭਰੋਸਾ ਦਿੱਤਾ ਕਿ ਪਟਿਆਲਾ ਸ਼ਹਿਰ ਵਿੱਚ ਜਨਗਣਨਾ ਦੇ ਕੰਮ ਨੂੰ ਸਫ਼ਲਤਾਪੂਰਵਕ ਪੂਰਾ ਕਰਨ ਲਈ ਨਗਰ ਨਿਗਮ ਵੱਲੋਂ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਡਿਜੀਟਲ ਇੰਡੀਆ ਮੁਹਿੰਮ ਦਾ ਹਿੱਸਾ ਬਣਦੇ ਹੋਏ ਵੱਧ ਤੋਂ ਵੱਧ ਇਸ ਪੋਰਟਲ ਦੀ ਵਰਤੋਂ ਕਰਨ ਤਾਂ ਜੋ ਜਨਗਣਨਾ ਦਾ ਕੰਮ ਪਾਰਦਰਸ਼ੀ ਅਤੇ ਸਹੀ ਢੰਗ ਨਾਲ ਹੋ ਸਕੇ।ਆਪਣੇ ਦੌਰੇ ਦੌਰਾਨ ਕੇਂਦਰੀ ਟੀਮ ਨੇ ਸਰਕਾਰੀ ਫੀਲ ਖਾਨਾ ਸਕੂਲ ਦਾ ਦੌਰਾ ਕੀਤਾ ਅਤੇ ਜਨਗਣਨਾ ਸਬੰਧੀ ਲਗਾਏ ਗਏ ਸਟਾਫ਼ ਅਤੇ ਪ੍ਰਬੰਧਾਂ ਦਾ ਨਿਰੀਖਣ ਕੀਤਾ। ਇਸ ਤੋਂ ਬਾਅਦ ਟੀਮ ਨੇ ਡਿਪਟੀ ਈ.ਐਸ.ਏ. ਦਫ਼ਤਰ ਵਿਖੇ ਵੀ ਮੀਟਿੰਗ ਕੀਤੀ ਅਤੇ ਅੰਕੜਾ ਇਕੱਤਰ ਕਰਨ ਦੀ ਵਿਧੀ ਬਾਰੇ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ।ਇਸ ਮੌਕੇ ਨਗਰ ਨਿਗਮ ਦੇ ਅਧਿਕਾਰੀ ਅਤੇ ਜਨਗਣਨਾ ਵਿਭਾਗ ਦੇ ਕਰਮਚਾਰੀ ਹਾਜ਼ਰ ਸਨ। ਨਿਗਮ ਕਮਿਸ਼ਨਰ ਨੇ ਦੁਹਰਾਇਆ ਕਿ ਸਹੀ ਜਨਗਣਨਾ ਹੀ ਸ਼ਹਿਰ ਦੇ ਭਵਿੱਖੀ ਵਿਕਾਸ ਅਤੇ ਯੋਜਨਾਵਾਂ ਲਈ ਅਹਿਮ ਆਧਾਰ ਸਾਬਤ ਹੋਵੇਗੀ।