ਮੋਟਰਸਾਈਕਲ ਸਵਾਰ ਅਣਪਛਾਤੇ ਨੌਜਵਾਨਾਂ ਨੇ ਨੌਜਵਾਨ ‘ਤੇ ਚਲਾਈਆਂ ਗੋਲੀਆਂ

ਝਬਲ: ਸਰਹੱਦੀ ਪੁਲਿਸ ਸਟੇਸ਼ਨ ਸਰਾਏ ਅਮਾਨਤ ਖਾਨ ਦੇ ਅਧਿਕਾਰ ਖੇਤਰ ਵਿੱਚ ਆਉਣ ਵਾਲੇ ਪਿੰਡ ਭੂਸੇ ਵਿੱਚ, ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਇੱਕ ਨੌਜਵਾਨ ਨੂੰ ਗੋਲੀ ਮਾਰ ਦਿੱਤੀ। ਗੋਲੀ ਲੱਗਣ ਕਾਰਨ ਪੀੜਤ ਗੰਭੀਰ ਜ਼ਖਮੀ ਹੋ ਗਿਆ।ਇਸ ਸੰਬੰਧ ਵਿੱਚ, ਜ਼ਖਮੀ ਪੀੜਤ ਨਿਰਵੈਰ ਸਿੰਘ ਦੇ ਪਿਤਾ ਅੰਗਰੇਜ ਸਿੰਘ ਵਾਸੀ ਭੂਸੇ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਨਿਰਵੈਰ ਸਿੰਘ ਬੀਤੀ ਸ਼ਾਮ ਪਿੰਡ ਦੇ ਅੱਡੇ ਤੋਂ ਘਰ ਦਾ ਸਮਾਨ ਲੈਣ ਗਿਆ ਸੀ । ਇਸ ਦੌਰਾਨ ਪਿੱਛੇ ਤੋਂ ਆਏ ਦੋ ਅਣਪਛਾਤੇ ਮੋਟਰ ਸਾਇਕਲ ਸਵਾਰ ਨੌਜਵਾਨਾਂ ਦੇ ਨਾਲ ਮਾਮੂਲੀ ਝਗੜਾ ਹੋ ਗਿਆ , ਜਿਸ ਤੋਂ ਬਾਅਦ ਉਨ੍ਹਾਂ ਨੌਜਵਾਨਾਂ ਨੇ ਨਿਰਵੈਰ ਸਿੰਘ ‘ਤੇ ਗੋਲੀ ਚਲਾ ਦਿੱਤੀ , ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ।ਜ਼ਖਮੀ ਨਿਰਵੈਰ ਸਿੰਘ ਨੂੰ ਤੁਰੰਤ ਅੰਮ੍ਰਿਤਸਰ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਹ ਇਸ ਸਮੇਂ ਇਲਾਜ ਅਧੀਨ ਹੈ। ਘਟਨਾ ਦੀ ਜਾਣਕਾਰੀ ਮਿਲਣ ‘ਤੇ, ਸਰਾਏ ਅਮਾਨਤ ਖਾਨ ਪੁਲਿਸ ਸਟੇਸ਼ਨ ਤੋਂ ਡੀ.ਐਸ.ਪੀ. ਸੁਖਬੀਰ ਸਿੰਘ ਅਤੇ ਐਸ.ਐਚ.ਓ. ਬਲਜਿੰਦਰ ਸਿੰਘ ਬਾਜਵਾ ਦੀ ਅਗਵਾਈ ਵਿੱਚ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਡੀ.ਐਸ.ਪੀ. ਸੁਖਬੀਰ ਸਿੰਘ ਦੇ ਅਨੁਸਾਰ, ਗੋਲੀਬਾਰੀ ਲਈ ਜ਼ਿੰਮੇਵਾਰ ਅਣਪਛਾਤੇ ਹਮਲਾਵਰਾਂ ਨੂੰ ਫੜਨ ਲਈ ਇਸ ਸਮੇਂ ਵਿਆਪਕ ਤਲਾਸ਼ੀ ਮੁਹਿੰਮ ਜਾਰੀ ਹੈ।