ਅਕਾਲੀ ਦਲ ਦੇ ਪ੍ਰਧਾਨ ਨੇ ਜਗਰਾਉਂ ‘ਚ ਕਿਸ਼ਤੀ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਦੁੱਖ ਕੀਤਾ ਸਾਂਝਾ

ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਮਥੁਰਾ ਕਿਸ਼ਤੀ ਦੁਖਾਂਤ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਇਸ ਸ਼ਹਿਰ ਅਤੇ ਜਗਰਾਉਂ ਵਿੱਚ ਮਿਲ ਕੇ ਉਨ੍ਹਾਂ ਦਾ ਦੁੱਖ ਸਾਂਝਾ ਕੀਤਾ ।ਅਕਾਲੀ ਦਲ ਦੇ ਪ੍ਰਧਾਨ ਨੇ ਡੁਗਰੀ ਸਥਿਤ ਅਰਬਨ ਅਸਟੇਟ ਵਿਖੇ ਗੁਲਾਟੀ ਪਰਿਵਾਰ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਇਹ ਇੱਕ ਬਹੁਤ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ ਕਿਉਂਕਿ ਸੁਰੱਖਿਆ ਦੇ ਢੁਕਵੇਂ ਪ੍ਰਬੰਧਾਂ ਦੀ ਘਾਟ ਕਾਰਨ ਕਿਸ਼ਤੀ ਹਾਦਸੇ ਵਿੱਚ ਬਹੁਤ ਸਾਰੇ ਨੌਜਵਾਨ ਡੁੱਬ ਗਏ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਾਰਟੀ ਇਸ ਮੁੱਦੇ ਨੂੰ ਸਾਰੇ ਢੁਕਵੇਂ ਪਲੇਟਫਾਰਮਾਂ ‘ਤੇ ਉਠਾਏਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕਿਸ਼ਤੀ ਯਾਤਰਾ ਦੌਰਾਨ ਲਾਈਫ ਜੈਕਟਾਂ ਪਹਿਨਣਾ ਲਾਜ਼ਮੀ ਬਣਾਇਆ ਜਾਵੇ। ਉਨ੍ਹਾਂ ਕਿਹਾ, “ਧਾਰਮਿਕ ਯਾਤਰਾਵਾਂ ਸਮੇਤ ਸਾਰੀਆਂ ਕਿਸ਼ਤੀ ਯਾਤਰਾਵਾਂ ਲਈ ਲਾਈਫ ਜੈਕਟਾਂ ਪਹਿਨਣਾ ਲਾਜ਼ਮੀ ਕੀਤਾ ਜਾਣਾ ਚਾਹੀਦਾ ਹੈ।”ਬਾਦਲ ਨੇ ਇਸ ਮੌਕੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ – ਰਾਕੇਸ਼ ਗੁਲਾਟੀ, ਉਨ੍ਹਾਂ ਦੀ ਪਤਨੀ ਅੰਜੂ ਗੁਲਾਟੀ, ਮੀਨੂੰ ਬਾਂਸਲ ਅਤੇ ਉਨ੍ਹਾਂ ਦੀ ਧੀ ਡਿੰਕੀ ਬਾਂਸਲ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ। ਅਕਾਲੀ ਦਲ ਦੇ ਪ੍ਰਧਾਨ ਨੇ ਜਗਰਾਉਂ ਵਿੱਚ ਕਿਸ਼ਤੀ ਹਾਦਸੇ ਦੇ ਪੀੜਤਾਂ ਦੇ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਅਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਈਸ਼ਾਨ ਕਟਾਰੀਆ, ਚਰਨਜੀਤ ਸਿੰਘ ਕਾਲਾ ਬਹਿਲ, ਚੰਦਨ ਬਹਿਲ ਅਤੇ ਰਿਸ਼ਭ ਸ਼ਰਮਾ ਦੇ ਦੇਹਾਂਤ ‘ਤੇ ਦੁੱਖ ਪ੍ਰਗਟ ਕੀਤਾ।ਇਸ ਮੌਕੇ ਬਾਦਲ ਦੇ ਨਾਲ ਸੀਨੀਅਰ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ, ਹੀਰਾ ਸਿੰਘ ਗਾਬੜੀਆ, ਭੁਪਿੰਦਰ ਸਿੰਘ ਭਿੰਦਾ, ਜਗਬੀਰ ਸਿੰਘ ਸੋਖੀ, ਪਰਉਪਕਾਰ ਸਿੰਘ ਘੁੰਮਣ ਅਤੇ ਜਸਕਰਨ ਦਿਓਲ , ਲੁਧਿਆਣਾ ਵਿੱਚ ਹੋਰ ਐਸ.ਆਰ. ਕਲੇਰ, ਚੰਦ ਸਿੰਘ ਡੱਲਾ, ਗੁਰਚਰਨ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਸਿਮਕ ਵੀ ਮੌਜੂਦ ਸਨ ।