ਜ਼ਿਲ੍ਹਾ ਮੈਜਿਸਟ੍ਰੇਟ ਨੇ ਅੱਜ ਮਾਸ ਤੇ ਆਂਡੇ ਦੀਆਂ ਦੁਕਾਨਾਂ ਬੰਦ ਰੱਖਣ ਦੇ ਹੁਕਮ ਕੀਤੇ ਜਾਰੀ

ਮੋਹਾਲੀ: ਜ਼ਿਲ੍ਹਾ ਮੈਜਿਸਟ੍ਰੇਟ ਕੋਮਲ ਮਿੱਤਲ ਨੇ ਮਹਾਂਵੀਰ ਜਯੰਤੀ ਦੇ ਮੌਕੇ ‘ਤੇ ਅੱਜ ਮਾਸ ਅਤੇ ਆਂਡੇ ਦੀਆਂ ਦੁਕਾਨਾਂ , ਰੇਹੜੀਆਂ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ । ਧਾਰਮਿਕ ਮਾਨਤਾਵਾਂ ਅਨੁਸਾਰ, ਇਸ ਦਿਨ ਕਿਸੇ ਵੀ ਜੀਵ ਦੀ ਹੱਤਿਆ ਕਰਨਾ ਅਸ਼ੁੱਭ ਮੰਨਿਆ ਜਾਂਦਾ ਹੈ।ਇਸ ਦਿਨ ਕਿਸੇ ਵੀ ਜੀਵ ਦੀ ਜਾਨ ਲੈਣਾ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾ ਸਕਦਾ ਹੈ। ਜ਼ਿਲ੍ਹਾ ਮੈਜਿਸਟ੍ਰੇਟ ਦੇ ਅਨੁਸਾਰ, ਸੀਨੀਅਰ ਪੁਲਿਸ ਸੁਪਰਡੈਂਟ, ਨਗਰ ਨਿਗਮ ਕਮਿਸ਼ਨਰ (ਐਸ.ਏ.ਐਸ. ਨਗਰ), ਨਗਰ ਕੌਂਸਲਾਂ ਦੇ ਸਬੰਧਤ ਕਾਰਜਕਾਰੀ ਅਧਿਕਾਰੀਆਂ, ਸਾਰੇ ਬਲਾਕ ਵਿਕਾਸ ਅਤੇ ਪੰਚਾਇਤ ਅਧਿਕਾਰੀਆਂ (ਬੀ.ਡੀ.ਪੀ.ਓ.) ਅਤੇ ਪਸ਼ੂ ਪਾਲਣ ਡਿਪਟੀ ਡਾਇਰੈਕਟਰ ਨੂੰ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।ਜ਼ਿਕਰਯੋਗ ਹੈ ਕਿ ਮਹਾਂਵੀਰ ਜਯੰਤੀ ਦੇ ਮੌਕੇ ‘ਤੇ ਅੱਜ ਰਾਜ ਪੱਧਰੀ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਨਤੀਜੇ ਵਜੋਂ, ਰਾਜ ਭਰ ਵਿੱਚ ਸਕੂਲ, ਕਾਲਜ, ਸਰਕਾਰੀ ਦਫ਼ਤਰ ਅਤੇ ਹੋਰ ਸੰਸਥਾਵਾਂ ਅੱਜ ਬੰਦ ਰਹਿਣਗੀਆਂ।