20 ਡਾਲਰ ਨੂੰ ਲੈ ਕੇ ਕੈਪਟਨ ਦੇ ਕੱਚਘਰੜ ਬਿਆਨ ਨੇ ਇੱਕ ਵਾਰੀ ਫਿਰ ਕਰਵਾਈ ਤੌਹੀਨ, ਲੌਗੋਵਾਲ ਨੇ ਦਿੱਤਾ ਠੋਕਵਾਂ ਜਵਾਬ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋ ਅੱਜ ਕਲ ਵਿਵਾਦਤ ਬਿਆਨ ਦੇ ਕੇ ਜਿਹੜੀ ਪੰਜਾਬੀਆ ਤੇ ਵਿਸ਼ੇਸ਼ ਕਰਕੇ ਸਿੱਖਾਂ ਦੀ ਵਿਰੋਧਤਾ ਸਹੇੜੀ ਜਾ ਰਹੀ ਹੈ ਉਸ ਨੇ ਕੈਪਟਨ ਦੇ ਕਿਰਦਾਰ ਨੂੰ ਕਾਫੀ ਠੇਸ ਨਹੀ ਪਹੁੰਚਾਈ ਸਗੋ ਕੈਪਟਨ ਦਾ ਸਿੱਖ ਵਿਰੋਧੀ ਚਿਹਰਾ ਨੰਗਾ ਕਰਕੇ ਰੱਖ ਦਿੱਤਾ ਹੈ। ਕਰਤਾਰਪੁਰ ਲਾਂਘੇ ਦੇ ਖੁੱਲਣ ਵਾਲੇ ਦਿਨ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਟੇਜ ਤੋ ਪਾਕਿਸਤਾਨ ਨੂੰ ਤਾੜਨਾ ਕਰਦਿਆ ਕਿਹਾ ਕਿ ਜੇਕਰ ਉਸ ਨੇ ਲਾਂਘੇ ਰਾਹੀ ਕੋਈ ਗੜਬੜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸਾ ਚੂੜੀਆ ਨਹੀ ਪਾਈਆ ਜਦ ਕਿ ਮਾਹੌਲ ਤਲਖੀ ਵਾਲਾ ਨਹੀ ਸਗੋ ਸਹਿਯੋਗ ਤੇ ਪਿਆਰ ਮੁਹੱਬਤ ਵਾਲਾ ਸੀ । ਕੈਪਟਨ ਦੇ ਇਸ ਬਿਆਨ ਤੋ ਬਾਅਦ ਜਿਹੜੀ ਸ਼ੋਸ਼ਲ ਮੀਡੀਏ ਤੇ ਲਾਂਘਾ ਪ੍ਰੇਮੀਆਂ ਨੇ ਕੈਪਟਨ ਨੂੰ ਲੋਹੇ ਦੇ ਚਣੇ ਚਬਾਏ ਉਸ ਨੇ ਕੈਪਟਨ ਲਾਬੀ ਨੂੰ ਭੈਭੀਤ ਕਰ ਦਿੱਤਾ। ਕੈਪਟਨ ਨੇ ਵਾਹਗਾ ਸਰਹੱਦ ਪਾਰ ਕਰਦਿਆ ਹੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਖਾਨ ਤੇ ਕੈਪਟਨ ਪਰਿਵਾਰ ਦਾ ਬੜਾ ਨੇੜਲਾ ਰਿਸ਼ਤਾ ਹੈ ਕਿਉਕਿ ਉਹਨਾਂ ਦੇ ਪਿਤਾ ਸ੍ਰ ਯਾਦਵਿੰਦਰ ਸਿੰਘ ਜਿਸ ਕ੍ਰਿਕਟ ਟੀਮ ਦੇ ਕਪਤਾਨ ਹੁੰਦੇ ਸਨ ਉਸ ਟੀਮ ਵਿੱਚ ਇਮਰਾਨ ਖਾਨ ਦੇ ਰਿਸ਼ਤੇਦਾਰ ਵੀ ਸ਼ਾਮਲ ਹੁੰਦੇ ਸਨ। ਇਮਾਰਨ ਖਾਨ ਨੇ ਕੈਪਟਨ ਦੀ ਇਸ ਹਮਦਰਦੀ ਨੂੰ ਬੜੇ ਹੀ ਹਲਕੇ ਤਰੀਕੇ ਨਾਲ ਲਿਆ ਅਤੇ ਉਹਨਾਂ ਨੇ ਆਪਣੀ ਸਾਰੀ ਤਵੱਜੋ ਆਪਣੇ ਜਿਗਰੀ ਯਾਰ ਨਵਜੋਤ ਸਿੰਘ ਸਿੱਧੂ ਨੂੰ ਹੀ ਦਿੱਤੀ। ਪੰਜਾਬ ਦੇ ਲੋਕ ਇਮਰਾਨ ਖਾਨ ਦਾ ਜਿਥੇ ਲਾਂਘਾ ਖੋਹਲਣ ਦਾ ਧੰਨਵਾਦ ਕਰਦੇ ਹਨ ਉਥੇ ਸਿੱਧੂ ਦੀ ਚੁੱਪ ਨੂੰ ਤੁੜਵਾਉਣ ਲਈ ਧੰਨਵਾਦ ਕਰਦੇ ਹਨ ਕਿ ਸਿੱਧੂ ਨੇ ਚੁੱਪ ਤੋੜਦਿਆ ਜਿਹੜੇ ਚੌਕੇ ਛਿੱਕੇ ਮਾਰ ਕੇ ਵਾਹ ਵਾਹ ਖੱਟੀ ਹੈ ਉਸ ਨੂੰ ਵੀ ਸ਼ੋਸ਼ਲ ਮੀਡੀਏ ਕਾਫੀ ਵੱਡੀ ਗਿਣਤੀ ਵਿੱਚ ਸੁਲਾਹਿਆ ਗਿਆ। ਕੈਪਟਨ ਅਮਰਿੰਦਰ ਸਿੰਘ ਨੇ ਇੱਕ ਹੋਰ ਬਿਆਨ ਦੇ ਕੇ ਕਿ ਪੰਜਾਬ ਵਿੱਚ ਪੀਲੇ ਕਾਰਡ ਧਾਰਕ ਗਰੀਬ ਲੋਕ ਜਿਹੜੇ ਪਾਕਿਸਤਾਨ ਕਰਤਾਰਪਰ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਹਨ ਉਹਨਾਂ ਦੀ 20 ਡਾਲਰ ਦੀ ਰਕਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਦਾ ਕਰੇ। ਕੈਪਟਨ ਸਾਹਿਬ ਦੇ ਅੱਧ ਘਰੜ ਮੀਡੀਆ ਸਲਾਹਕਾਰ ਸ਼ਾਇਦ ਉਹਨਾਂ ਨੂੰ ਸਮੇਂ ਸਿਰ ਜਾਣਕਾਰੀ ਨਹੀ ਦਿੰਦੇ ਕਿ ਦਿੱਲੀ ਸਰਕਾਰ ਤੇ ਹਰਿਆਣਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਆਪਣੇ ਆਪਣੇ ਰਾਜ ਦੇ ਉਹਨਾਂ ਨੂੰ ਲੋਕਾਂ ਦਾ ਸਾਰਾ ਚੁੱਕਣਗੇ ਜਿਹੜੇ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਰਾਹੀ ਬਾਬੇ ਨਾਨਕ ਦੇ ਪਵਿੱਤਰ ਅਸਥਾਨ 'ਤੇ ਮੱਥਾ ਟੇਕਣ ਲਈ ਜਾਣਗੇ। ਚਾਹੀਦਾ ਇਹ ਸੀ ਕਿ ਕੈਪਟਨ ਸਰਕਾਰ ਵੀ ਐਲਾਨ ਕਰਦੀ ਕਿ ਪੀਲੇ ਕਾਰਡ ਧਾਰਕਾਂ ਦਾ ਸਾਰਾ ਖਰਚਾ ਸਰਕਾਰੀ ਖਜ਼ਾਨੇ ਵਿੱਚੋ ਅਦਾ ਕੀਤਾ ਜਾਵੇਗਾ। ਦੂਸਰੇ ਸੂਬਿਆ ਦੀਆਂ ਸਰਕਾਰਾਂ ਜੇਕਰ ਸਰਕਾਰ ਖਜ਼ਾਨੇ ਵਿੱਚੋ ਖਰਚਾ ਅਦਾ ਕਰ ਸਕਦੀਆ ਹਨ ਤੇ ਫਿਰ ਪੰਜਾਬ ਸਰਕਾਰ ਕਿਉ ਨਹੀ? ਜੇਕਰ ਪੰਜਾਬ ਸਰਕਾਰ ਨੰਗ ਧੜੱਗ ਹੈ ਤਾਂ ਫਿਰ ਕੈਪਟਨ ਨੂੰ ਇਸ ਸਬੰਧੀ ਕਿਸੇ ਵੀ ਕਿਸਮ ਦਾ ਬਿਆਨ ਦੇਣ ਤੋਂ ਸੰਕੋਚ ਕਰਨਾ ਚਾਹੀਦਾ ਸੀ ਨਾ ਕਿ ਪੰਜਾਬ ਲੋਕਾਂ ਦੇ ਮਜ਼ਾਕ ਦੇ ਪਾਤਰ ਬਣਨਾ ਚਾਹੀਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਆੜੇ ਹੱਥੀ ਲੈਦਿਆ ਕਿਹਾ ਕਿ ਪੰਜਾਬ ਸਰਕਾਰ ਨੇ ਹਾਲੇ ਤੱਕ ਲਾਂਘੇ ਸਬੰਧੀ ਕੋਈ ਉਸਾਰੂ ਗੱਲ ਨਹੀ ਕੀਤੀ ਸਗੋ ਅੜਚਣਾਂ ਪਾਉਣ ਤੋ ਸਿਵਾਏ ਕੁਝ ਨਹੀ ਕੀਤਾ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਫ਼ਰਜ਼ਾਂ ਤੋਂ ਭਲੀ-ਭਾਤ ਜਾਣੂ ਹੈ ਅਤੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਰਪੁਰ (ਪਾਕਿਸਤਾਨ) ਜਾਣ ਵਾਲੀ ਸੰਗਤ ਲਈ ਸ਼੍ਰੋਮਣੀ ਕਮੇਟੀ ਨੇ ਆਪਣੀ ਜਿੰਮੇਵਾਰੀ ਨਿਭਾਉਦਿਆ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ ਵਿਖੇ ਲੰਗਰ ਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੋਇਆ ਹੈ। ਭਾਈ ਲੌਂਗੋਵਾਲ ਨੇ ਕਿਹਾ ਕਿ ਜਿਥੋਂ ਤੱਕ ਪੀਲੇ ਕਾਰਡ ਧਾਰਕਾਂ ਦੇ ਕਰਤਾਰਪੁਰ ਸਾਹਿਬ ਦਰਸ਼ਨ ਕਰਨ ਲਈ 20 ਡਾਲਰ ਫੀਸ ਅਦਾ ਕਰਨ ਦਾ ਸਵਾਲ ਹੈ। ਇਸ ਬਾਰੇ ਸ਼੍ਰੋਮਣੀ ਕਮੇਟੀ ਨੂੰ ਕਹਿਣ ਦੀ ਬਜਾਏ ਮੁੱਖ ਮੰਤਰੀ ਆਪਣੀ ਸਰਕਾਰ ਵੱਲੋਂ ਇਹ ਫੀਸ ਅਦਾ ਕਰੇ ਤਾਂ ਚੰਗਾ ਹੈ। ਸ਼੍ਰੋਮਣੀ ਕਮੇਟੀ ਕੋਲ ਸੀਮਤ ਵਿੱਤੀ ਸਾਧਨ ਹਨ, ਜਦੋਂ ਕਿ ਸਰਕਾਰ ਕੋਲ ਸ਼੍ਰੋਮਣੀ ਕਮੇਟੀ ਨਾਲੋਂ ਕਈ ਗੁਣਾਂ ਵਧੇਰੇ ਵਿੱਤੀ ਸਾਧਨ ਹਨ। ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਲਈ ਜਿਸ ਤਰਾ ਦਿੱਲੀ ਅਤੇ ਹੋਰ ਸੂਬਿਆਂ ਦੀਆਂ ਸਰਕਾਰਾਂ ਆਪਣੇ ਸੂਬੇ ਦੀਆਂ ਸੰਗਤਾਂ ਲਈ ਪ੍ਰਬੰਧ ਕਰਨ ਦਾ ਐਲਾਨ ਕੀਤਾ ਹੈ , ਉਸੇ ਤਰਾ ਪੰਜਾਬ ਸਰਕਾਰ ਨੂੰ ਵੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੀਆਂ ਸੰਗਤਾਂ ਲਈ ਪ੍ਰਬੰਧ ਕਰਨੇ ਚਾਹੀਦੇ ਹਨ।