ਜਲੰਧਰ ਸ਼ਹਿਰ ਦੇ ਪੈਟਰੋਲ ਪੰਪਾਂ ‘ਤੇ ਲੱਗੀਆਂ ਲੰਬੀਆਂ ਕਤਾਰਾਂ
ਜਲੰਧਰ : ਜਲੰਧਰ ਸ਼ਹਿਰ ਵਿੱਚ ਬੀਤੀ ਦੇਰ ਰਾਤ ਅਚਾਨਕ ਪੈਟਰੋਲ ਪੰਪਾਂ ‘ਤੇ ਭਾਰੀ ਭੀੜ ਦੇਖਣ ਨੂੰ ਮਿਲੀ। ਜੰਗ ਨੂੰ ਲੈ ਕੇ ਫੈਲ ਰਹੀਆਂ ਅਫਵਾਹਾਂ ਦੇ ਕਾਰਨ ਲੋਕ ਘਬਰਾ ਕੇ ਵੱਡੀ ਮਾਤਰਾ ਵਿੱਚ ਪੈਟਰੋਲ ਭਰਵਾਉਣ ਦੇ ਲਈ ਪੈਟਰੋਲ ਪੰਪਾਂ ’ਤੇ ਪਹੁੰਚਣ ਲੱਗੇ। ਸਥਿਤੀ ਇੰਨੀ ਗੰਭੀਰ ਹੋ ਗਈ ਕਿ ਕਈ ਪੈਟਰੋਲ ਪੰਪਾਂ ‘ਤੇ ਲੰਬੀਆਂ ਕਤਾਰਾਂ ਲੱਗ ਗਈਆਂ ਅਤੇ ਕੁਝ ਨੂੰ ਆਪਣੇ ਸ਼ਟਰ ਤੱਕ ਬੰਦ ਕਰਨੇ ਪਏ।ਮਿਲੀ ਜਾਣਕਾਰੀ ਦੇ ਅਨੁਸਾਰ, ਚੀਕ-ਚੀਕ ਚੌਕ, ਅੰਬੇਡਕਰ ਚੌਕ, ਗੁਰੂ ਨਾਨਕ ਮਿਸ਼ਨ ਚੌਕ, ਸੰਵਿਧਾਨ ਚੌਕ, ਅਲੀ ਮੁਹੱਲਾ, ਮਾਛੀ ਮਾਰਕੀਟ ਅਤੇ ਟੈਗੋਰ ਹਸਪਤਾਲ ਦੇ ਆਲੇ-ਦੁਆਲੇ ਸਥਿਤ ਪੈਟਰੋਲ ਪੰਪਾਂ ‘ਤੇ ਵੱਡੀ ਭੀੜ ਇਕੱਠੀ ਹੋ ਗਈ। ਲੋਕ ਆਪਣੀ ਗੱਡੀਆਂ ਦੇ ਇਲਾਵਾ ਬੋਤਲਾਂ ਅਤੇ ਡੱਬਿਆ ਵਿੱਚ ਵੀ ਪੈਟਰੋਲ ਭਰਵਾਉਣ ਦੀ ਮੰਗ ਕਰਨ ਲੱਗੇ, ਜਿਸ ਨਾਲ ਪੈਟਰੋਲ ਪੰਪ ਸੰਚਾਲਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।ਦੱਸਿਆ ਜਾ ਰਿਹਾ ਹੈ ਕਿ ਕੁਝ ਪੈਟਰੋਲ ਪੰਪ ਮਾਲਕਾਂ ਨੇ ਸੁਰੱਖਿਆ ਕਾਰਨਾਂ ਕਰਕੇ ਆਪਣੇ ਸ਼ਟਰ ਬੰਦ ਕਰ ਦਿੱਤੇ ਹਨ ਅਤੇ ਪੈਟਰੋਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਕਿਉਂਕਿ ਬੋਤਲਾਂ ਵਿੱਚ ਪੈਟਰੋਲ ਭਰਨਾ ਨਿਯਮਾਂ ਦੇ ਵਿਰੁੱਧ ਹੈ ਅਤੇ ਇਸ ਨਾਲ ਹਾਦਸਿਆਂ ਦਾ ਖ਼ਤਰਾ ਵੱਧ ਸਕਦਾ ਹੈ। ਪਿਛਲੇ ਇੱਕ ਘੰਟੇ ਤੋਂ ਸ਼ਹਿਰ ਦੇ ਕਈ ਪੈਟਰੋਲ ਪੰਪਾਂ ‘ਤੇ ਵੀ ਅਜਿਹੀ ਹੀ ਸਥਿਤੀ ਬਣੀ ਹੋਈ ਹੈ।ਪ੍ਰਸ਼ਾਸਨ ਲੋਕਾਂ ਨੂੰ ਸ਼ਾਂਤ ਰਹਿਣ ਅਤੇ ਕਿਸੇ ਵੀ ਅਫਵਾਹ ‘ਤੇ ਵਿਸ਼ਵਾਸ ਨਾ ਕਰਨ ਦੀ ਸਲਾਹ ਵੀ ਦੇ ਰਿਹਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੈਟਰੋਲ ਅਤੇ ਡੀਜ਼ਲ ਦੀ ਸਪਲਾਈ ਪੂਰੀ ਤਰ੍ਹਾਂ ਆਮ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ ਹੈ।
SikhDiary