ਆਰ ਐਸ ਐਸ ਦੇਸ਼ ਵਿਰੋਧੀ ਹੈ ਤਾਂ ਬਾਦਲਾਂ ਦਾ ਗੜਵਈ ਹਰਪ੍ਰੀਤ ਸਿੰਘ ਬੀਬੀ ਹਰਸਿਮਰਤ ਕੌਰ ਬਾਦਲ ਕੋਲੋ ਵੀ ਮੰਤਰੀ ਪਦ ਤੋਂ ਅਸਤੀਫਾ ਲਵੇ-ਭਾਈ ਰਣਜੀਤ ਸਿੰਘ

ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਤੇ ਪੰਥਕ ਅਕਾਲੀ ਲਹਿਰ ਦੇ ਪਰਧਾਨ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਬਾਦਲ ਪਰਿਵਾਰ ਪੰਥ ਤੇ ਅਮਰਵੇਲ ਵਾਂਗ ਫੈਲਿਆ ਅਤੇ ਸਿੱਖ ਪੰਥ ਤੇ ਸ਼੍ਰੋਮਣੀ ਕਮੇਟੀ ਨੂੰ ਘੁਣ ਵਾਂÎਗ ਖਾ ਰਿਹਾ ਹੈ ਜਿਸ ਤੋਂ ਤਾਂ ਹੀ ਛੁਟਕਾਰਾ ਮਿਲ ਸਕਦਾ ਹੈ ਜੇਕਰ ਇਸ ਬਹੂਰੁਪੀਏ ਨੂੰ ਵਿਧਾਨ ਸਭਾ ਦੀਆ ਚੋਣਾਂ ਵਾਂਗ ਸ੍ਰੋਮਣੀ ਕਮੇਟੀ ਦੀਆ ਚੋਣਾਂ ਵਿੱਚੋ ਲਾਂਭੇ ਕੀਤਾ ਜਾਵੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇੱਕ ਪਾਸੇ ਬਾਦਲਾਂ ਦਾ ਗੜਵਈ (ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ) ਕਹਿ ਰਿਹਾ ਹੈ ਕਿ ਆਰ ਐਸ ਐਸ ਦੇਸ਼ ਵਿਰੋਧੀ ਤੇ ਪੰਥ ਵਿਰੋਧੀ ਜਮਾਤ ਹੈ ਤੇ ਇਸ 'ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਤੇ ਦੂਜੇ ਪਾਸੇ ਬਾਦਲਾਂ ਦਾ ਲਫਟੈਣ ਦਿੱਲੀ ਕਮੇਟੀ ਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਆਰ ਐਸ ਐਸ ਵਾਲਿਆਂ ਬੁਲਾ ਕੇ ਸਨਮਾਨਿਤ ਵੀ ਕਰ ਰਿਹਾ ਹੈ ਤੇ ਕੀਰਤਨ ਸਮਾਗਮ ਵਿੱਚ ਉਹਨਾਂ ਨੂੰ ਕੁਰਸੀਆ ਤੇ ਬਿਠਾ ਕੇ ਮਰਿਆਦਾ ਦਾ ਉਲੰਘਣ ਕਰ ਰਿਹਾ ਹੈ ਜਿਸ ਵਿਰੁੱਧ ਬਿਨਾਂ ਕਿਸੇ ਦੇਰੀ ਤੋ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸੇ ਤਰਾਂ ਜੇਕਰ ਭਾਜਪਾ ਦੀ ਮਾਂ ਪਾਰਟੀ ਆਰ ਐਸ ਐਸ ਇੰਨੀ ਹੀ ਮਾੜੀ ਹੈ ਤਾਂ ਫਿਰ ਇਹ ਬਾਦਲਾਂ ਦਾ ਨੌਕਰਸ਼ਾਹ ਗ੍ਰੰਥੀ ਹਰਸਿਮਰਤ ਕੌਰ ਬਾਦਲ ਨੂੰ ਅਸਤੀਫਾ ਦੇ ਕੇ ਮੰਤਰੀ ਮੰਡਲ ਵਿੱਚੋ ਬਾਹਰ ਆਉਣ ਲਈ ਕਿਉ ਨਹੀ ਕਹਿ ਰਿਹਾ? ਉਹਨਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀ ਕਿ ਆਰ ਐਸ ਐਸ ਘੱਟ ਗਿਣਤੀਆ ਤੇ ਦਲਿੱਤਾਂ ਦੀ ਵਿਰੋਧੀ ਜਮਾਤ ਹੈ ਤੇ ਬਾਦਲਾਂ ਨੇ ਹਮੇਸ਼ਾਂ ਹੀ ਇਸ ਦੀ ਪੁਸ਼ਤਪਨਾਹੀ ਕੀਤੀ ਹੈ। ਉਹਨਾਂ ਕਿਹਾ ਕਿ ਇਹ ਵੀ ਆਰ ਐਸ ਐਸ ਤੇ ਭਾਜਪਾ ਨੂੰ ਡਰਾਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਪਾਰਲੀਮੈਂਟ ਵਿੱਚ ਤਾਂ ਅਕਾਲ ਤਖਤ ਤੇ ਬੈਠੇ ਗ੍ਰੰਥੀ ਹਰਪ੍ਰੀਤ ਸਿੰਘ ਦੇ ਆਕਾ ਸੁਖਬੀਰ ਸਿੰਘ ਬਾਦਲ ਜੰਮੂ ਕਸ਼ਮੀਰ ਵਿੱਚੋ ਧਾਰਾ 370 ਹਟਾਏ ਜਾਣ ਦੀ ਵਕਾਲਤ ਕਰ ਰਿਹਾ ਹੈ ਤੇ ਸੰਸਦ ਤੋ ਬਾਹਰ ਉਹਨਾਂ ਦਾ ਗੜਵਈ ਹਰਪ੍ਰੀਤ ਸਿੰਘ ਧਾਰਾ 370 ਹਟਾਉਣ ਦਾ ਵਿਰੋਧ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਤੇ ਸ਼੍ਰੋਮਣੀ ਕਮੇਟੀ ਵੱਲੋ ਸਾਂਝੇ ਤੌਰ ਤੇ ਅਰਧ ਸ਼ਤਾਬਦੀ ਮਨਾਉਣ ਬਾਰੇ ਹਰਪ੍ਰੀਤ ਸਿੰਘ ਭਾਂਵੇ ਜੋ ਮਰਜ਼ੀ ਕਹੀ ਜਾਵੇ ਪਰ ਹੋਵੇਗਾ ਉਹੀ ਜੋ ਉਸ ਦੇ ਅਕਾਵਾਂ ਬਾਦਲਾਂ ਨੂੰ ਮਨਜੂਰ ਹੋਵੇਗਾ। ਉਹਨਾਂ ਕਿਹਾ ਕਿ ਅਰਧ ਸ਼ਤਾਬਦੀ ਸਮਾਗਮ ਮਨਾਉਣ ਲਈ ਨੋਇੰਡਾ ਦੀ ਇੱਕ ਫਰਮ ਨੂੰ ਪੰਡਾਲ ਲਗਾਉਣ ਦਾ 10 ਕਰੋੜ ਦਾ ਠੇਕਾ ਦਿੱਤਾ ਗਿਆ ਹੈ ਜਦ ਕਿ ਸ਼੍ਰੋਮਣੀ ਕਮੇਟੀ ਵੱਲੋ ਠੇਕਾ ਦੇਣ ਲਈ ਦੋ ਮੈਂਬਰੀ ਬੁੱਧੀਜੀਵਆ ਦੀ ਕਮੇਟੀ ਬਣਾਈ ਗਈ ਹੈ ਜਿਸ ਵਿੱਚ ਕਰੋੜੀ ਮੱਲ ਸੁਰਿੰਦਰ ਸਿੰਘ ਕੋਹਲੀ ਸੀ ਏ ਤੇ ਪੀ ਟੀ ਸੀ ਟੈਲੀਵੀਜ਼ਨ ਦਾ ਐਮ ਡੀ ਨਰਾਇਨਣ ਨੂੰ ਸ਼ਾਮਲ ਕੀਤਾ ਗਿਆ ਹੈ ਜਿਹਨਾਂ ਦਾ ਸ਼੍ਰੋਮਣੀ ਕਮੇਟੀ ਨੂੰ ਲੁੱਟਣ ਤੋ ਸਿਵਾਏ ਹੋਰ ਕੋਈ ਵਾਸਤਾ ਨਹੀ ਹੈ। ਉਹਨਾਂ ਕਿਹਾ ਕਿ ਕਿਸੇ ਕਾਰ ਸੇਵਾ ਵਾਲੇ ਬਾਬੇ ਨੂੰ ਇੱਕ ਸਾਲ ਪਹਿਲਾਂ ਇਹ ਕਾਰਜ ਦਿੱਤਾ ਹੁੰਦਾ ਜਾਂ ਉਸ ਨੇ ਅੱਧਾ ਸੁਲਤਾਨਪੁਰ ਲੋਧੀ ਇੰਨੀ ਰਾਸ਼ੀ ਵਿੱਚ ਛੱਤ ਦੇਣਾ ਸੀ ਤੇ ਇਹ ਇੱਕ ਆਰਜ਼ੀ ਪੰਡਾਲ ਲਗਾਉਣ ਤੇ ਇੰਨਾ ਖਰਚ ਕਰ ਰਹੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਸੂਚਨਾ ਮੁਤਾਬਕ ਜਦੋ ਸ਼੍ਰੋਮਣੀ ਕਮੇਟੀ ਨੇ ਟੈਡਰ ਮੰਗੇ ਤਾਂ ਪੰਡਾਲ ਬਣਾਉਣ ਲਈ ਦੋ ਫਰਮਾਂ ਨੇ ਟੈਂਡਰ ਭਰੇ ਇੇੱਕ ਨੇ ਢਾਈ ਕਰੋੜ ਤੇ ਦੂਜੇ ਨੋ ਦੋ ਕਰੋੜ ਦੀ ਰਾਸ਼ੀ ਭਰੀ ਜਦ ਕਿ 10 ਕਰੋੜ ਤੇ ਦੋ ਕਰੋੜ ਦਾ ਪੰਜ ਗੁਣਾ ਫਰਕ ਹੈ। ਉਹਨਾਂ ਕਿਹਾ ਕਿ ਬਹਾਨਾ ਇਹ ਲਗਾਇਆ ਗਿਆ ਕਿ ਜਿਹੜੀ ਕੰਪਨੀ ਪੰਡਾਲ ਬਣਾਏਗੀ ਉਹ ਸਮਾਗਮ ਦਾ ਸਿੱਧਾ ਪ੍ਰਸਾਰਨ ਕਰਨ ਲਈ ਕਿਸੇ ਟੀ ਵੀ ਚੈਨਲ ਦਾ ਵੀ ਬੰਦੋਬਸਤ ਕਰੇਗੀ ਜਿਸ ਤੋ ਸਪੱਸ਼ਟ ਹੁੰਦਾ ਹੈ ਕਿ ਦਾਹੜੀ ਨਾਲੋ ਮੁੱਛਾਂ ਲੰਮੀਆ ਹੋ ਗਈਆ ਹਨ ਤੇ ਸਿੱਧ ਪ੍ਰਸਾਰਨ ਪੀ ਟੀ ਸੀ ਤੋ ਕੀਤਾ ਜਾਵੇਗਾ ਤੇ ਦੋ ਕਰੋੜ ਪੰਡਾਲ ਤੇ ਖਰਚ ਕਰਕੇ ਬਾਕੀ ਰਾਸ਼ੀ ਪੀ ਟੀ ਸੀ ਨੂੰ ਦਿੱਤੀ ਜਾਵੇਗੀ ਜਿਹੜਾ ਪਹਿਲਾਂ ਹੀ ਸ਼੍ਰੋਮਣੀ ਕਮੇਟੀ ਨੂੰ ਘੁਣ ਵਾਂਗ ਖਾ ਰਿਹਾ ਹੈ। ਉਹਨਾਂ ਕਿਹਾ ਕਿ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਨੂੰ ਕਾਇਮ ਰੱਖਣ ਵਾਲੇ ਗ੍ਰੰਥੀ ਅੱਜ ਅਕਾਲ ਤਖਤ ਵੱਲੇ ਪਿੱਠ ਤੇ ਬਾਦਲਾਂ ਵੱਲ ਮੁੱਖ ਕਰਕੇ ਅਗਲੇ ਹੁਕਮ ਦੀ ਉਡੀਕ ਕਰ ਰਹੇ ਹਨ। ਉਹਨਾਂ ਕਿਹਾ ਕਿ ਬਰਗਾੜੀ ਤੇ ਬਹਿਬਲ ਕਲਾਂ ਲਈ ਸਿੱਧੇ ਰੂਪ ਵਿੱਚ ਬਾਦਲ ਦੋਸ਼ੀ ਹਨ ਪਰ ਉਹਨਾਂ ਵਿਰੁੱਧ ਨਾ ਕਿਸੇ ਨੇ ਪਹਿਲਾਂ ਕਾਰਵਾਈ ਕੀਤੀ ਤੇ ਨਾ ਹੀ ਹੁਣ ਵਾਲੀ ਕੈਪਟਨ ਸਰਕਾਰ ਨੇ ਕੋਈ ਕਾਰਵਾਈ ਕੀਤੀ ਹੈ ਸਿਰਫ ਇੱਕ ਪੁਲੀਸ ਵਾਲੇ ਨੂੰ ਫ਼ੜ ਕੇ ਮਾਮਲਾ ਖਤਮ ਕੀਤਾ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੀਆ ਚੋਣਾਂ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਬਾਦਲਕੇ ਨਜਾਇਜ ਵੋਟਾਂ ਪਵਾ ਕੇ ਹਰ ਵਾਰੀ ਕਾਬਜ਼ ਹੋ ਜਾਂਦੇ ਹਨ ਤੇ ਜਦੋਂ ਇੱਕ ਵਾਰੀ ਹਿੰਦੂ ਸਾਬਕਾ ਜੱਜ ਵਰਮਾ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਸਿਰਫ ਚੋਣ ਕਰਾਉਣ ਲਈ ਲਗਾ ਦਿੱਤਾ ਸੀ ਤਾਂ ਉਸ ਸਮੇਂ ਅਵਤਾਰ ਸਿੰਘ ਮੱਕੜ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਜਿਸ ਨੇ ਕਿਹਾ ਸੀ ਕਿ ਉਹਨਾਂ ਨੂੰ ਹਿੰਦੂ ਮਨਜੂਰ ਨਹੀ ਜਦ ਕਿ ਮੱਕੜ ਦੀਆ ਸਾਰੀਆ ਰਿਸ਼ਤੇਦਾਰੀਆ ਹਿੰਦੂ ਪਰਿਵਾਰਾਂ ਵਿੱਚ ਹਨ। ਉਹਨਾਂ ਕਿਹਾ ਕਿ ਉਹ ਆਪਣੇ ਉਸ ਬਿਆਨ 'ਤੇ ਅੱਜ ਵੀ ਕਾਇਮ ਹਨ ਕਿ ਸ੍ਰੀ ਦਰਬਾਰ ਸਾਹਿਬ ਦੀ ਗੋਲਕ ਤੇ ਕੜਾਹ ਪ੍ਰਸਾਦਿ ਦੀ ਚੜਰ ਹਰ ਰੋਜ ਕਰੀਬ ਢਾਈ ਕਰੋੜ ਤੇ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਦੀ ਵੀ ਢਾਈ ਕਰੋੜ ਹੈ ਜਿਹੜੀ ਪੰਜ ਕਰੋੜ ਕੁਲ ਬਣਦੀ ਹੈ ਤੇ ਸਲਾਨਾ ਰਾਸ਼ੀ ਇਹ 1800 ਕਰੋੜ ਬਣਦੀ ਹੈ। ਸ਼੍ਰੋਮਣੀ ਕਮੇਟੀ ਦਾ ਬੱਜ਼ਟ ਸਿਰਫ 1400 ਕਰੋੜ ਹੈ ਬਾਕੀ ਦੀ ਰਾਸ਼ੀ ਕਿਥੇ ਜਾਂਦੀ ਹੈ। ਇਹ ਤਾਂ ਸਿਰਫ ਦੋ ਗੁਰਦੁਆਰਿਆ ਦਾ ਹਿਸਾਬ ਹੈ ਤੇ ਬਾਕੀ ਹੋਰ ਵੀ 78 ਗੁਰਦੁਆਰੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਧਾਰਾ 85 ਤਹਿਤ ਚੱਲਦੇ ਹਨ। ਉਹਨਾਂ ਕਿਹਾ ਕਿ ਬਾਦਲਾਂ ਨੇ ਇੱਕ ਮੁਸਲਮਾਨ ਸ਼ਰਧਾਲੂ ਵੱਲੋ 27 ਏਕੜ ਜ਼ਮੀਨ ਸ਼ਾਹਬਾਦ ਮਾਰਕੰਡਾ ਹਰਿਆਣਾ ਵਿਖੇ ਗੁਰੂ ਘਰ ਨੂੰ ਭੇਟ ਕੀਤੀ ਜਿਸ ਵਿੱਚੋ 24 ਏਕੜ ਬਾਦਲਾਂ ਨੇ ਆਪਣਾ ਇੱਕ ਨਿੱਜੀ ਟਰੱਸਟ ਬਣਾ ਕੇ ਸੰਸਥਾ ਖੋਹਲਣੀ ਸ਼ੁਰੂ ਕੀਤੀ ਜਿਸ ਦੇ ਕਰਜ਼ੇ ਦੇ 68 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਅਦਾ ਕਰ ਰਹੀ ਹੈ ਤੇ ਇਹ ਬਾਦਲ ਪਰਿਵਾਰ 'ਤੇ ਪਰਉਪਕਾਰ ਬੀਬੀ ਜਗੀਰ ਕੌਰ ਨੇ ਆਪਣੇ ਪ੍ਰਧਾਨਗੀ ਕਾਲ ਵਿੱਚ ਕੀਤਾ ਸੀ। ਜਿਹੜਾ ਪੰਥ ਤੇ ਗ੍ਰੰਥ ਦੀ ਗੱਲ ਕੀਤੀ ਜਾਂਦੀ ਹੈ ਉਸ ਬਾਰੇ ਸਪੱਸ਼ਟ ਕਰਦਿਆ ਕਿਹਾ ਕਿ ਗ੍ਰੰਥ ਤਾਂ ਕਈ ਸਦੀਆ ਪਹਿਲਾਂ ਸਥਾਪਤ ਕੀਤਾ ਜਾ ਚੁੱਕਾ ਸੀ ਜਦ ਕਿ ਪੰਥ 1699 ਦੀ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਸਾਜ ਕੇ ਪੰਚ ਪ੍ਰਧਾਨੀ ਮਰਿਆਦਾ ਦੀ ਸਿਰਜਨਾ ਕੀਤੀ ਸੀ। ਅਕਾਲੀ ਦਲ ਤਾਂ ਉਸ ਤੋ ਬਹੁਤ ਸਮਾਂ ਬਾਅਦ ਹੋਂਦ ਵਿੱਚ ਆਇਆ। ਉਹਨਾਂ ਕਿਹਾ ਕਿ ਜਿਹੜੇ ਤਖਤਾਂ ਦੇ ਜਥੇਦਾਰ ਬਣਾਏ ਗਏ ਹਨ ਇਹ ਬਾਦਲਾਂ ਦੇ ਨੌਕਰ ਹਨ ਤੇ ਨੌਕਰ ਕਦੇ ਵੀ ਨਖਰਾਂ ਨਹੀ ਕਰ ਸਕਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਐਕਟ ਦੀ ਗੱਲ ਕਰਦਿਆ ਉਹਨਾਂ ਕਿਹਾ ਕਿ ਇਹ ਐਕਟ ਸਰਕਾਰ ਨੇ ਬਣਾਇਆ ਹੈ ਤੇ ਸਰਕਾਰਾਂ ਕਦੇ ਧਾਰਮਿਕ ਅਦਾਰੇ ਨਹੀ ਚਲਾਉਦੀਆ ਇਸ ਲਈ ਇਹ ਐਕਟ ਵੀ ਅਧੂਰਾ ਹੈ। ਉਹਨਾਂ ਕਿਹਾ ਕਿ ਅੱਜ ਸਿੱਖਾਂ ਨੂੰ ਮਾਰਨ ਵਾਲੇ ਪੁਲੀਸ ਵਾਲੇ ਛੱਡੇ ਜਾ ਰਹੀ ਹੈ ਤੇ ਬਾਦਲਾਂ ਨੇ ਮੂੰਹ ਵਿੱਚ ਘੁੰਙਣੀਆ ਪਾਈਆ ਹੋਈਆ ਹਨ ਜਦ ਕਿ ਜਿਹੜੇ ਸਿੱਖ ਆਪਣੀਆ ਸਜ਼ਾਵਾਂ ਭੁਗਤ ਚੁੱਕੇ ਹਨ ਉਹਨਾਂ ਨੂੰ ਵੀ ਰਿਹਾਅ ਕੀਤਾ ਜਾਵੇ। ਇਸ ਸਮੇਂ ਉਹਨਾਂ ਦੇ ਨਾਲ ਪੰਥਕ ਅਕਾਲੀ ਲਹਿਰ ਦੇ ਜਨਰਲ ਸਕੱਤਰ ਸ੍ਰ ਜਸਜੀਤ ਸਿੰਘ ਸਮੁੰਦਰੀ ( ਜੁਝਾਰੂ ਅਕਾਲੀ ਆਗੂ ਤੇਜਾ ਸਿੰਘ ਸਮੁੰਦਰੀ ਦੇ ਪੋਤਰੇ) , ਸੀਨੀਅਰ ਆਗੂ ਕੁਲਦੀਪ ਸਿੰਘ, ਅਵਤਾਰ ਸਿੰਘ ਘੁੱਲਾ ਤੇ ਧੰਨਵੰਤ ਸਿੰਘ ਤੋ ਇਲਾਵਾ ਸਤਿੰਦਰਜੀਤ ਸਿੰਘ ਵੀ ਮੌਜੂਦ ਸਨ।