ਦੋ ਮੰਤਰੀ ਅਕਾਲ ਤਖਤ ਦੇ ਜਥੇਦਾਰ ਨੂੰ ਅੱਜ ਸੌਂਪਣਗੇ ਮੁੱਖ ਮੰਤਰੀ ਦਾ ਪੱਤਰ

ਪੰਜਾਬ ਸਰਕਾਰ ਦੇ ਦੋ ਮੰਤਰੀ ਭਲਕੇ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇੱਕ ਪੱਤਰ ਸੌਂਪਣਗੇ ਜਿਸ ਰਾਹੀ ਉਨ੍ਹਾਂ ਦੱਸ ਦਿੱਤਾ ਜਾਵੇਗਾ ‘ਤੁਹਾਡੇ ਵਲੋਂ 550ਵੇਂ ਗੁਰਪੁਰਬ ਨੂੰ ਸਾਂਝੇ ਤੌਰ ਉੱਤੇ ਮਨਾਉਣ ਦੇ ਹੁਕਮਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬਾਦਲ ਪਰਿਵਾਰ ਦੇ ਦਬਾਅ ਹੇਠ ਤਾਰਪੀਡੋ ਕਰ ਦਿੱਤਾ ਹੈ ਤੇ ਸਮਾਗਮ ਵੱਖਰੇ ਤੌਰ ’ਤੇ ਕਰਨ ਦਾ ਮਨ ਬਣਾ ਲਿਆ ਹੈ। ਇਸ ਸਥਿਤੀ ਵਿੱਚ ਸਾਂਝੇ ਸਮਾਗਮ ਕਿਵੇਂ ਮਨਾਏ ਜਾ ਸਕਦੇ ਹਨ।’ ਪ੍ਰਾਪਤ ਜਾਣਕਾਰੀ ਅੁਨਸਾਰ ਇਸ ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਕੈਪਟਨ ਸਰਕਾਰ ਦੇ ਤਿੰਨ ਮੰਤਰੀਆਂ ਨਾਲ ਸਾਂਝੇ ਸਮਾਗਮ ਕਰਨ ਬਾਰੇ ਮੀਟਿੰਗਾਂ ਕਰਦੇ ਰਹੇ ਪਰ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਰਾਸ਼ਟਰਪਤੀ,ਪ੍ਰਧਾਨ ਮੰਤਰੀ ਅਤੇ ਹੋਰ ਆਗੂਆਂ ਤੇ ਸ਼ਖ਼ਸੀਅਤਾਂ ਨੂੰ ਸੱਦਾ ਪੱਤਰ ਦੇ ਦਿੱਤੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਮਾਗਮ ਸਾਂਝੇ ਕਰਨ ਦੀ ਥਾਂ ਵੱਖਰੇ ਤੌਰ ਉੱਤੇ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆ ਹਨ ਤੇ ਪੰਡਾਲ ਲਾਉਣ ਲਈ ਦਿੱਲੀ ਦੀ ਇੱਕ ਫਰਮ ਨੂੰ ਟੈਂਡਰ ਵੀ ਦੇ ਦਿੱਤਾ ਹੈ। ਅਜਿਹਾ ਕਰਨ ਪਿੱਛੇ ਬਾਦਲ ਪਰਿਵਾਰ ਦਾ ਦਬਾਅ ਸੀ ਕਿਉਂਕਿ ਸਾਂਝੇ ਸਮਾਗਮ ਦੀ ਸਟੇਜ ’ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ , ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਬੈਠ ਨਹੀਂ ਸਕਦੇ ਸਨ। ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂਆਂ ਦੀ ਸਾਂਝੀ ਮੀਟਿੰਗ ਵਿੱਚ ਸਟੇਜ ਉੱਤੇ ਬੈਠਣ ਵਾਲੇ ਚਾਰ ਆਗੂਆਂ ਬਾਰੇ ਫੈਸਲਾ ਹੋ ਗਿਆ ਸੀ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਨੇ ਦੋ ਹੋਰ ਆਗੂਆਂ ਦੇ ਸਟੇਜ ਉੱਤੇ ਬੈਠਣ ਦੀ ਗੱਲ ਕੀਤੀ ਸੀ ਪਰ ਉਨ੍ਹਾਂ ਦੇ ਨਾਂ ਨਹੀਂ ਦੱਸੇ ਸਨ। ਜਦੋਂ ਉਨ੍ਹਾਂ ਦੀ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਉਹ ਨਾਂ ਦੱਸਣ ਤੋਂ ਗੁਰੇਜ਼ ਕਿਉਂ ਕਰ ਰਹੇ ਹਨ। ਉਨ੍ਹਾਂ ਨੂੰ ਸਥਿਤੀ ਸਾਫ ਕਰਨੀ ਚਾਹੀਦੀ ਹੈ ਪਰ ਅਜਿਹਾ ਨਹੀਂ ਕੀਤਾ ਗਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੱਤਰ ਭਲਕੇ ਸਵੇਰੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਦੇਣ ਜਾਣਗੇ। ਸੂਤਰਾਂ ਦਾ ਕਹਿਣਾ ਹੈ ਕਿ ਜੇ ਭਲਕੇ ਪੱਤਰ ਦੇਣ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵੀ ਹਾਜ਼ਰ ਹੋਏ ਤਾਂ ਮੰਤਰੀਆਂ ਦਾ ਉਨ੍ਹਾਂ ਨਾਲ ਤਤਰਾਰ ਹੋਣ ਦੀ ਵੀ ਸੰਭਾਵਨਾ ਹੈ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਸਾਂਝੇ ਸਮਾਗਮਾਂ ਲਈ ਸਹਿਮਤੀ ਵੀ ਪ੍ਰਗਟਾਉਂਦੇ ਹਨ ਤੇ ਵੱਖਰੇ ਸੱਦਾ ਪੱਤਰ ਵੀ ਦਿੰਦੇ ਰਹੇ ਹਨ। ਇਹ ਪੱਤਰ ਵਿਸ਼ਵ ਭਰ ਦੇ ਸਿੱਖਾਂ ਤੱਕ ਵੀ ਪਹੁੰਚ ਗਏ ਹਨ। ਕਰਤਾਰਪੁਰ ਲਾਂਘਾ: ਡੇਰਾ ਬਾਬਾ ਨਾਨਕ ’ਚ ਉਚ ਪੱਧਰੀ ਮੀਟਿੰਗ ਅੱਜ ਚੰਡੀਗੜ੍ਹ : ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੀ ਭਲਕੇ 14 ਅਕਤੂਬਰ ਨੂੰ ਡੇਰਾ ਬਾਬਾ ਨਾਨਕ ਵਿਚ ਉੱਚ ਪੱਧਰੀ ਮੀਟਿੰਗ ਹੋਵੇਗੀ, ਜਿਸ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼ਾਮਲ ਹੋਣਗੇ। ਇਸ ਮੀਟਿੰਗ ਵਿੱਚ ਸਪੱਸ਼ਟ ਹੋ ਜਾਵੇਗਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰਤਾਰਪੁਰ ਲਾਂਘੇ ਦਾ ਭਾਰਤ ਵਾਲੇ ਪਾਸੇ ਕਿਸ ਦਿਨ ਉਦਘਾਟਨ ਕਰਨਗੇ। ਦੱਸਣਯੋਗ ਹੈ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਦਿਨ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਨੌਂ ਨਵੰਬਰ ਨੂੰ ਡੇਰਾ ਬਾਬਾ ਨਾਨਕ ਆਉਣਗੇ ਪਰ ਇਸ ਬਾਰੇ ਪੰਜਾਬ ਸਰਕਾਰ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ ਜਦਕਿ ਪ੍ਰੋਟੋਕੋਲ ਮੁਤਾਬਕ ਸੂਬਾ ਸਰਕਾਰ ਨੂੰ ਪਹਿਲਾਂ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਕਰਕੇ ਭਲਕ ਦੀ ਮੀਟਿੰਗ ਅਹਿਮ ਹੋਵੇਗੀ। ਕੇਂਦਰੀ ਗ੍ਰਹਿ ਸਕੱਤਰ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ ਤੇ ਪ੍ਰਧਾਨ ਮੰਤਰੀ ਦੀ ਸੰਭਾਵੀ ਫੇਰੀ ਦੀ ਤਰੀਕ ਬਾਰੇ ਵੀ ਜਾਣਕਾਰੀ ਦੇਣਗੇ।