ਮੋਹਾਲੀ ’ਚ ਵਾਪਰਿਆ ਦਰਦਨਾਕ ਸੜਕ ਹਾਦਸਾ, ਵਿਦੇਸ਼ੀ ਕੁੜੀ ਦੀ ਮੌਤ
ਜ਼ੀਰਕਪੁਰ : ਮੋਹਾਲੀ ਵਿੱਚ ਬੀਤੀ ਦੇਰ ਰਾਤ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ, ਜਿਸ ਵਿੱਚ ਇੱਕ ਵਿਦੇਸ਼ੀ ਕੁੜੀ ਦੀ ਮੌਤ ਹੋ ਗਈ। ਘਟਨਾ ਵੀਆਈਪਈ ਰੋਡ ਜ਼ੀਰਕਪੁਰ ’ਤੇ ਮੈਕੇਅਰ ਹਸਪਤਾਲ ਦੇ ਸਾਹਮਣੇ ਬੀਤੀ ਰਾਤ ਕਰੀਬ 12 ਵਜੇ ਹੋਈ। ਦੱਸਿਆ ਜਾ ਰਿਹਾ ਹੈ ਕਿ ਤੇਜ਼ ਰਫ਼ਤਾਰ ਨਾਲ ਆ ਰਹੀ ਇੱਕ ਆਡੀ ਕਾਰ ਨੇ ਪੈਦਲ ਸੜਕ ਪਾਰ ਕਰ ਰਹੀ ਇੱਕ ਕੁੜੀ ਨੂੰ ਟੱਕਰ ਮਾਰ ਦਿੱਤੀ।ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁੜੀ ਕਈ ਫੁੱਟ ਉੱਛਲ ਕੇ ਸੜਕ ਦੇ ਦੂਜੇ ਪਾਸੇ ਜਾ ਡਿੱਗੀ। ਗੰਭੀਰ ਸੱਟਾਂ ਅਤੇ ਜ਼ਿਆਦਾ ਖੂਨ ਵਹਿਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਾਵਲੂਦਾ ਵਜੋਂ ਹੋਈ ਹੈ, ਜੋ ਤੁਰਕੀ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ।ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ, ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਪਰਕ ਕੀਤਾ ਹੈ। ਜਾਣਕਾਰੀ ਦੇ ਅਨੁਸਾਰ ਉਸਦੀ ਭੈਣ ਤੁਰਕੀ ਤੋਂ ਭਾਰਤ ਜਾ ਰਹੀ ਹੈ, ਜਿਸ ਤੋਂ ਬਾਅਦ ਪੋਸਟਮਾਰਟਮ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ।ਇਸ ਦੌਰਾਨ, ਸਾਰੀ ਘਟਨਾ ਨੇੜਲੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਟੱਕਰ ਲੱਗਦੇ ਹੀ ਨੌਜਵਾਨ ਕੁੜੀ ਹਵਾ ਵਿੱਚ ਉਛਲ ਕੇ ਸੜਕ ਤੇ ਡਿੱਗ ਗਈ। ਪੁਲਿਸ ਘਟਨਾ ਦੀ ਜਾਂਚ ਕਰ ਰਹੀ ਹੈ।
SikhDiary