ਬਟਾਲਾ ’ਚ ਤੇਜ਼ ਰਫ਼ਤਾਰ ਇਨੋਵਾ ਦਾ ਕਹਿਰ, ਏ.ਐਸ.ਆਈ. ਦੀ ਮੌਤ

ਬਟਾਲਾ : ਡਿਊਟੀ ਤੋਂ ਵਾਪਸ ਆ ਰਹੇ ਪੀ.ਓ. ਸਟਾਫ ਦੇ ਇੱਕ ਏ.ਐਸ.ਆਈ. ਦੇ ਮੋਟਰਸਾਈਕਲ ਨੂੰ ਇੱਕ ਤੇਜ਼ ਰਫ਼ਤਾਰ ਇਨੋਵਾ ਡਰਾਈਵਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਚੱਲਦੇ ਏ.ਐਸ.ਆਈ. ਦੀ ਮੌਤ ਹੋ ਗਈ।ਇਸ ਸਬੰਧੀ ਥਾਣਾ ਸਿਵਲ ਲਾਈਨ ਦੀ ਪੁਲਿਸ ਨੂੰ ਦਰਜ ਕਰਵਾਏ ਬਿਆਨਾਂ ਵਿੱਚ ਏ.ਐੱਸ.ਆਈ. ਸੁਖਵੰਤ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਹਰਸ਼ੀਆ ਨੇ ਦੱਸਿਆ ਕਿ ਉਹ ਪੁਲਿਸ ਵਿੱਚ ਪੀ.ਓ. ਸਟਾਫ ਬਟਾਲਾ ਵਿੱਚ ਤਾਇਨਾਤ ਹੈ। ਉਨ੍ਹਾਂ ਨੇ ਕਿਹਾ ਕਿ ਉਹ ਪੀ.ਓ. ਸਟਾਫ ਦੇ ਏ.ਐੱਸ.ਆਈ. ਮੁਖਤਿਆਰ ਸਿੰਘ ਅਤੇ ਕਾਂਸਟੇਬਲ ਜਸਪਿੰਦਰ ਸਿੰਘ ਦੇ ਨਾਲ ਆਪਣੀ ਡਿਊਟੀ ਤੋਂ ਬਾਅਦ ਥਾਣਾ ਰੰਗੜ ਨੰਗਲ ਤੋਂ ਵਾਪਸ ਬਟਾਲਾ ਆ ਰਹੇ ਸਨ ਜਦੋਂ ਉਹ ਸ਼ੇਰ-ਏ-ਪੰਜਾਬ ਢਾਬੇ ਨੇੜੇ ਪਹੁੰਚਿਆ ਤਾਂ ਇੱਕ ਤੇਜ਼ ਰਫ਼ਤਾਰ ਇਨੋਵਾ ਚਾਲਕ ਨੇ ਏਐਸਆਈ ਮੁਖਤਿਆਰ ਸਿੰਘ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਏਐਸਆਈ ਮੁਖਤਿਆਰ ਸਿੰਘ ਮੋਟਰਸਾਈਕਲ ਸਮੇਤ ਸੜਕ ‘ਤੇ ਡਿੱਗ ਪਿਆ ਅਤੇ ਗੰਭੀਰ ਜ਼ਖਮੀ ਹੋ ਗਿਆ ਜਦੋਂ ਕਿ ਇਨੋਵਾ ਚਾਲਕ ਮੌਕੇ ਤੋਂ ਭੱਜ ਗਿਆ।ਉਨ੍ਹਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਦੀ ਮਦਦ ਨਾਲ ਏ.ਐਸ.ਆਈ. ਮੁਖਤਿਆਰ ਸਿੰਘ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ, ਸਿਵਲ ਲਾਈਨ ਥਾਣੇ ਦੀ ਪੁਲਿਸ ਨੇ ਏਐਸਆਈ ਸੁਖਵੰਤ ਸਿੰਘ ਦੇ ਬਿਆਨਾਂ ਦੇ ਆਧਾਰ ‘ਤੇ ਅਣਪਛਾਤੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।