ਅੰਮ੍ਰਿਤਸਰ ਸ਼ਹਿਰ ਦੇ ਵਿਜੇ ਨਗਰ ਇਲਾਕੇ ’ਚ ਡੈਨਿਸ਼ ਜਨਰਲ ਸਟੋਰ ਦੀ ਤੀਜੀ ਮੰਜ਼ਿਲ ‘ਤੇ ਲੱਗੀ ਭਿਆਨਕ ਅੱਗ

ਅੰਮ੍ਰਿਤਸਰ : ਸ਼ਹਿਰ ਦੇ ਵਿਜੇ ਨਗਰ ਇਲਾਕੇ ਵਿੱਚ ਡੈਨਿਸ਼ ਜਨਰਲ ਸਟੋਰ ਦੀ ਤੀਜੀ ਮੰਜ਼ਿਲ ‘ਤੇ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਉੱਚੀਆਂ ਲਾਟਾਂ ਅਤੇ ਧੂੰਏਂ ਦੇ ਗੁਬਾਰ ਨਾਲ ਪੂਰੇ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਆਸ-ਪਾਸ ਦੇ ਦੁਕਾਨਦਾਰ ਅਤੇ ਲੋਕ ਤੁਰੰਤ ਮੌਕੇ ‘ਤੇ ਪਹੁੰਚੇ ਅਤੇ ਬਿਨਾਂ ਸਮਾਂ ਗਵਾਏ ਬਾਲਟੀਆਂ ਨਾਲ ਅੱਗ ‘ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਦੀ ਸਖ਼ਤ ਮਿਹਨਤ ਅਤੇ ਮਿਲ ਕੇ ਕੀਤੀਆਂ ਕੋਸ਼ਿਸ਼ਾਂ ਨਾਲ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਦੇ ਆਉਣ ਤੋਂ ਪਹਿਲਾਂ ਹੀ ਅੱਗ ‘ਤੇ ਕਾਫ਼ੀ ਹੱਦ ਤੱਕ ਕਾਬੂ ਪਾ ਲਿਆ ਗਿਆ ਸੀ ਉੱਥੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁਕਰ ਹੈ ਕਿ ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।ਜਾਣਕਾਰੀ ਦਿੰਦੇ ਹੋਏ ਵਿਜੇ ਨਗਰ ਕੌਂਸਲਰ ਨੇ ਦੱਸਿਆ ਕਿ ਉਨ੍ਹਾਂ ਨੂੰ ਡੈਨਿਸ਼ ਗਾਰਮੈਂਟਸ ਦੇ ਉੱਪਰ ਜਨਰਲ ਸਟੋਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਮੌਕੇ ‘ਤੇ ਪਹੁੰਚੇ ਤਾਂ ਇੱਥੇ ਭਗਦੜ ਮਚੀ ਹੋਈ ਸੀ। ਅੱਗ ਨੇ ਦੇਖਦੇ ਹੀ ਦੇਖਦੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਪਰ ਮੁਹੱਲੇ ਦੇ ਲੋਕਾਂ ਦੀ ਮਦਦ ਨਾਲ ਅੱਗ ‘ਤੇ ਕਾਬੂ ਪਾਉਣ ਵਿੱਚ ਵੱਡੀ ਮਦਦ ਮਿਲੀ। ਅੱਗ ਬੁਝਾਉਣ ਲਈ ਆਸ-ਪਾਸ ਦੇ ਲੋਕਾਂ ਨੇ ਲਗਭਗ ਦੋ ਤੋਂ ਢਾਈ ਹਜ਼ਾਰ ਪਾਣੀ ਦੀਆਂ ਬਾਲਟੀਆਂ ਦੀ ਵਰਤੋਂ ਕੀਤੀ। ਬੱਚਿਆਂ ਤੋਂ ਲੈ ਕੇ ਔਰਤਾਂ ਤੱਕ ਸਾਰਿਆਂ ਨੇ ਅੱਗ ਬੁਝਾਉਣ ਵਿੱਚ ਮਦਦ ਕੀਤੀ, ਜਿਸ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ, ਉਨ੍ਹਾਂ ਦੇ ਮੁਤਾਬਕ, ਅੱਗ ਸ਼ੋਟ ਸਰਕਟ ਦੀ ਵਜ੍ਹਾਂ ਨਾਲ ਲੱਗੀ ਹੋਵੇਗੀ। ਹਾਦਸੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ, ਪਰ ਦੁਕਾਨ ਦੇ ਮਾਲਕ ਨੂੰ ਕਾਫ਼ੀ ਵਿੱਤੀ ਨੁਕਸਾਨ ਹੋਇਆ ਹੈ।ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦੀ ਜਾਂਚ ਜਾਰੀ ਹੈ, ਅਤੇ ਅਜੇ ਤੱਕ ਸਹੀ ਕਾਰਨ ਦੀ ਪੁਸ਼ਟੀ ਨਹੀਂ ਹੋਈ ਹੈ। ਪੁਲਿਸ ਦੇ ਅਨੁਸਾਰ, ਅੱਗ ਜਨਰਲ ਸਟੋਰ ਦੀ ਉੱਪਰਲੀ ਮੰਜ਼ਿਲ ‘ਤੇ ਲੱਗੀ, ਜਿਸ ਕਾਰਨ ਕਾਫ਼ੀ ਵਿੱਤੀ ਨੁਕਸਾਨ ਹੋਇਆ। ਹਾਲਾਂਕਿ, ਵੱਡੀ ਗਿਣਤੀ ਵਿੱਚ ਲੋਕਾਂ ਦੇ ਸ਼ਾਮਲ ਹੋਣ ਕਾਰਨ, ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ।