ਕੈਨੇਡਾ ’ਚ ਪੰਜਾਬ ਦੇ 30 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਦੀ ਸੜਕ ਹਾਦਸੇ ’ਚ ਹੋਈ ਮੌਤ
ਕੈਨੇਡਾ : ਕੈਨੇਡਾ ਦੇ ਬਰਫੀਲੇ ਮੌਸਮ ਵਿੱਚ ਹੋਏ ਇੱਕ ਦਿਲ ਦਹਿਲਾਉਣ ਵਾਲੇ ਹਾਦਸੇ ਨੇ ਪੰਜਾਬ ਦੇ ਪਿੰਡ ਵੜਿੰਗਖੇੜਾ ਦੇ 30 ਸਾਲਾ ਗੁਰਪ੍ਰੀਤ ਸਿੰਘ ਦੀ ਜਾਨ ਲੈ ਲਈ। ਨੋਵਾ ਸਕੋਸ਼ੀਆ ਸੂਬੇ ਦੇ ਸਿਡਨੀ ਸ਼ਹਿਰ ਵਿੱਚ ਸੜਕ ਉੱਤੇ ਜੰਮੀ ਬਰਫ਼ ਕਾਰਨ ਉਸਦੀ ਗੱਡੀ ਕਾਬੂ ਤੋਂ ਬਾਹਰ ਹੋ ਗਈ ਅਤੇ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਜ਼ੋਰਦਾਰ ਟੱਕਰ ਹੋ ਗਈ। ਹਾਦਸਾ ਇੰਨਾ ਗੰਭੀਰ ਸੀ ਕਿ ਗੁਰਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਗੁਰਪ੍ਰੀਤ ਸਿੰਘ ਕਿਸਾਨ ਜਸਕਰਨ ਸਿੰਘ ਦਾ ਇਕਲੌਤਾ ਪੁੱਤਰ ਸੀ। ਉਹ ਲਗਭਗ ਤਿੰਨ ਸਾਲ ਪਹਿਲਾਂ ਆਪਣੀ ਪਤਨੀ ਨਾਲ ਬਿਹਤਰ ਭਵਿੱਖ ਦੀ ਭਾਲ ਵਿੱਚ ਕੈਨੇਡਾ ਚਲਾ ਗਿਆ ਸੀ। ਉਸਦੀ ਪੀਆਰ ਫਾਈਲ ਵੀ ਪ੍ਰਕਿਰਿਆ ਅਧੀਨ ਸੀ। ਪਰਿਵਾਰਕ ਸੂਤਰਾਂ ਅਨੁਸਾਰ, ਗੁਰਪ੍ਰੀਤ ਹਾਦਸੇ ਤੋਂ ਥੋੜ੍ਹੀ ਦੇਰ ਪਹਿਲਾਂ ਆਪਣੀ ਪਤਨੀ ਨੂੰ ਉਸਦੇ ਕੰਮ ਵਾਲੀ ਥਾਂ ‘ਤੇ ਛੱਡਣ ਤੋਂ ਬਾਅਦ ਘਰ ਵਾਪਸ ਆ ਰਿਹਾ ਸੀ ਜਦੋਂ ਇਹ ਹਾਦਸਾ ਵਾਪਰਿਆ।ਹਾਦਸੇ ਦੀ ਖ਼ਬਰ ਪਿੰਡ ਪਹੁੰਚਦਿਆਂ ਹੀ ਮਾਹੌਲ ਗਮ ਵਿੱਚ ਡੁੱਬ ਗਿਆ। ਸਾਰੇ ਵੜਿੰਗਖੇੜਾ ਵਿੱਚ ਸੋਗ ਛਾਇਆ ਹੋਇਆ ਹੈ ਅਤੇ ਲੋਕ ਪਰਿਵਾਰ ਨੂੰ ਦਿਲਾਸਾ ਦੇਣ ਪਹੁੰਚ ਰਹੇ ਹਨ। ਮ੍ਰਿਤਕ ਦੇ ਚਾਚਾ ਪ੍ਰੀਤਪਾਲ ਸਿੰਘ ਵੜਿੰਗ ਨੇ ਦੱਸਿਆ ਕਿ ਗੁਰਪ੍ਰੀਤ ਦੀ ਦੇਹ ਨੂੰ ਭਾਰਤ ਲਿਆਉਣ ਲਈ ਕੈਨੇਡਾ ਵਿੱਚ ਦਸਤਾਵੇਜ਼ੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।
SikhDiary