ਅਦਾਲਤ ਵੱਲੋਂ ਰਿਹਾਅ ਹੋਣ ਤੋਂ ਬਾਅਦ ਕੰਚਨਪ੍ਰੀਤ ਕੌਰ ਸ੍ਰੀ ਦਰਬਾਰ ਸਾਹਿਬ ਹੋਏ ਨਤਮਸਤਕ

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਸੁਖਵਿੰਦਰ ਕੌਰ ਦੀ ਧੀ ਕੰਚਨਪ੍ਰੀਤ ਕੌਰ ਨੂੰ ਅਦਾਲਤ ਨੇ ਰਿਹਾਅ ਕਰ ਦਿੱਤਾ ਹੈ। ਇਹ ਫ਼ੈਸਲਾ ਬੀਤੀ ਦੇਰ ਰਾਤ ਸ਼ੁਰੂ ਹੋਈ ਇਕ ਲੰਮੀ ਸੁਣਵਾਈ ਤੋਂ ਬਾਅਦ ਆਇਆ। ਅਦਾਲਤ ਵੱਲੋਂ ਰਿਹਾਅ ਹੋਣ ਤੋਂ ਬਾਅਦ ਕੰਚਨਪ੍ਰੀਤ ਕੌਰ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਏ ਅਤੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦੇ ਹੋਏ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ।ਦੱਸ ਦੇਈਏ ਕਿ ਕੰਚਨਪ੍ਰੀਤ ਕੌਰ ਦੇ ਵਕੀਲਾਂ ਦੇ ਬੀਤੀ ਰਾਤ 8 ਵਜੇ ਪਹੁੰਚਣ ਤੋਂ ਤੁਰੰਤ ਬਾਅਦ ਤਰਨਤਾਰਨ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਈ। ਉਨ੍ਹਾਂ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਪੁਲਿਸ ਨੇ ਉਨ੍ਹਾਂ ਨੂੰ ਗੈਰ-ਕਾਨੂੰਨੀ ਤੌਰ ‘ਤੇ ਹਿਰਾਸਤ ਵਿੱਚ ਲਿਆ ਹੈ ਹਾਲਾਂਕਿ ਉਹ ਜਾਂਚ ਵਿੱਚ ਹਿੱਸਾ ਲੈਣ ਲਈ ਪਹੁੰਚੇ ਸਨ। ਇਸ ਮੁੱਦੇ ‘ਤੇ ਦੋਵਾਂ ਧਿਰਾਂ ਵਿਚਕਾਰ ਕਾਫ਼ੀ ਦੇਰ ਤੱਕ ਬਹਿਸ ਹੋਈ।ਇਸ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਪੁਲਿਸ ਹਿਰਾਸਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ ਅਤੇ ਸਪੱਸ਼ਟ ਨਿਰਦੇਸ਼ ਜਾਰੀ ਕੀਤੇ ਸਨ ਕਿ ਕੰਚਨਪ੍ਰੀਤ ਕੌਰ ਦੀ ਹਿਰਾਸਤ ਸਿੱਧੇ ਜੱਜ ਨੂੰ ਸੌਂਪੀ ਜਾਵੇ। ਹਾਈਕੋਰਟ ਨੇ ਦੋਸ਼ੀ ਦੇ ਆਪਣੇ ਆਪ ਨੂੰ ਪੇਸ਼ ਕਰਨ ‘ਤੇ ਉਸ ਦੀ ਗ੍ਰਿਫ਼ਤਾਰੀ ਦੇ ਆਧਾਰ ‘ਤੇ ਸਵਾਲ ਚੁੱਕੇ ਸਨ। ਲੰਬੀ ਬਹਿਸ ਤੋਂ ਬਾਅਦ ਤਰਨਤਾਰਨ ਅਦਾਲਤ ਨੇ ਵੀ ਪੁਲਿਸ ਹਿਰਾਸਤ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਅਤੇ ਅੱਜ ਸਵੇਰੇ ਕੰਚਨਪ੍ਰੀਤ ਕੌਰ ਦੀ ਰਿਹਾਈ ਦਾ ਆਦੇਸ਼ ਜਾਰੀ ਕੀਤਾ।