ਲੁਧਿਆਣਾ-ਦੋਰਾਹਾ ਮੁੱਖ ਸੜਕ ‘ਤੇ ਸੀ.ਐਨ.ਜੀ. ਗੈਸ ਨਾਲ ਭਰੇ ਟੈਂਕਰ ’ਚ ਅਚਾਨਕ ਲੱਗੀ ਅੱਗ

ਲੁਧਿਆਣਾ : ਗਿੱਲ ਰੋਡ ‘ਤੇ ਲੋਹਾਰਾ ਪੁਲ ਦੇ ਨੇੜੇ ਇੰਡੀਅਨ ਆਇਲ ਕੰਪਨੀ ਦੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲ ਗਿਆ। ਕਾਰ ਨਾਲ ਟਕਰਾਉਣ ਤੋਂ ਬਾਅਦ ਸੀ.ਐਨ.ਜੀ. ਗੈਸ ਨਾਲ ਭਰੇ ਟੈਂਕਰ ਵਿੱਚ ਅਚਾਨਕ ਅੱਗ ਲੱਗ ਗਈ ਅਤੇ ਕੁਝ ਹੀ ਮਿੰਟਾਂ ਵਿੱਚ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਿਆ।ਲੁਧਿਆਣਾ-ਦੋਰਾਹਾ ਮੁੱਖ ਸੜਕ ਦੇ ਵਿੱਚੋ-ਵਿੱਚ ਸੜਦੇ ਟੈਂਕਰ ਵਿੱਚੋਂ ਡਰਾਈਵਰ ਅਤੇ ਕਲੀਨਰ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਖੁਸ਼ਕਿਸਮਤੀ ਨਾਲ, ਟੈਂਕਰ ਵਿੱਚ ਬਲਾਸਟ ਨਹੀਂ ਹੋਇਆ ਨਹੀਂ ਤਾਂ ਇਹ ਹਾਦਸਾ ਜਾਨਲੇਵਾ ਸਾਬਤ ਹੋ ਸਕਦਾ ਸੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ, ਪੈਟਰੋਲ ਪੰਪ ਦੇ ਮਾਲਕ ਰਾਜੂ ਸ਼ਰਮਾ ਨੇ ਕਿਹਾ ਕਿ ਸੜਕ ਤੇ ਚੱਲ ਰਹੀ ਇੱਕ ਕਾਰ ਨਾਲ ਟਕਰਾਉਣ ਦੇ ਕਰੀਬ 10 ਮਿੰਟ ਬਾਅਦ ਟੈਂਕਰ ਵਿੱਚ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਪੂਰੀ ਗੱਡੀ ਸੜ ਕੇ ਸੁਆਹ ਹੋ ਗਿਆ।ਉਨ੍ਹਾਂ ਦੱਸਿਆ ਕਿ ਘਟਨਾ ਸਮੇਂ ਮੌਕੇ ‘ਤੇ ਮੌਜੂਦ ਕੁਝ ਲੋਕ ਦਰਸ਼ਕਾਂ ਵਾਂਗ ਆਪਣੇ ਮੋਬਾਈਲ ਫੋਨਾਂ ‘ਤੇ ਵੀਡੀਓ ਬਣਾਉਂਦੇ ਰਹੇ, ਜਦੋਂ ਕਿ ਅੱਗ ਦੀਆਂ ਲਾਟਾਂ ਅਸਮਾਨ ਤੱਕ ਪਹੁੰਚਣ ਲੱਗੀਆਂ। ਪੈਟਰੋਲ ਪੰਪ ਦੇ ਸਟਾਫ਼ ਨੇ ਤੁਰੰਤ ਕਾਰਵਾਈ ਕੀਤੀ ਅਤੇ ਅੱਗ ਬੁਝਾਉਣ ਵਾਲੇ ਯੰਤਰਾਂ ਅਤੇ ਪਾਣੀ ਦੇ ਤੇਜ਼ ਜੈੱਟਾਂ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਸ਼ਰਮਾ ਨੇ ਕਿਹਾ ਕਿ ਜੇਕਰ ਸਮੇਂ ਸਿਰ ਅੱਗ ‘ਤੇ ਕਾਬੂ ਨਾ ਪਾਇਆ ਜਾਂਦਾ, ਤਾਂ ਲੁਧਿਆਣਾ-ਦੋਰਾਹਾ ਮੁੱਖ ਸੜਕ ‘ਤੇ ਇੱਕ ਵੱਡਾ ਧਮਾਕਾ ਹੋ ਸਕਦਾ ਸੀ।