ਹਰਿਮੰਦਰ ਸਾਹਿਬ ਸਮੂਹ ’ਚੋਂ ਅਗਵਾ ਬੱਚੇ ਦੀ ਉੱਘ-ਸੁੱਘ ਨਹੀਂ

ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿੱਚੋਂ ਬੱਚੇ ਅਗਵਾ ਕਰਨ ਦੀਆਂ ਵਾਪਰੀਆਂ ਘਟਨਾਵਾਂ ਦਾ ਸ਼ਰਧਾਲੂਆਂ ’ਤੇ ਮਾੜਾ ਅਸਰ ਹੋ ਰਿਹਾ ਹੈ ਅਤੇ ਪ੍ਰਬੰਧਕਾਂ ਲਈ ਵੀ ਇਹ ਮਾਮਲਾ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਬੀਤੇ ਵੀਰਵਾਰ ਨੂੰ ਇੱਥੋਂ ਅੱਠ ਮਹੀਨਿਆਂ ਦੇ ਬੱਚੇ ਆਦਿਤਿਆ ਨੂੰ ਅਣਪਛਾਤੀ ਔਰਤ ਅਗਵਾ ਕਰਕੇ ਲੈ ਗਈ ਸੀ, ਜਿਸ ਬਾਰੇ ਹੁਣ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ। ਪਰਵਾਸੀ ਮਹਿਲਾ ਪੂਜਾ ਦੇਵੀ ਆਪਣੇ ਪਤੀ ਨਾਲ ਝਗੜੇ ਮਗਰੋਂ ਪਿਛਲੇ 15 ਦਿਨਾਂ ਤੋਂ ਇੱਥੇ ਗੁਰੂ ਰਾਮਦਾਸ ਨਿਵਾਸ ਵਿਖੇ ਰਹਿ ਰਹੀ ਸੀ। ਇਸ ਦੌਰਾਨ ਇੱਥੇ ਉਸ ਦੀ ਇਕ ਹੋਰ ਮਹਿਲਾ ਨਾਲ ਨੇੜਤਾ ਹੋ ਗਈ। ਬੁੱਧਵਾਰ ਰਾਤ ਨੂੰ ਇਹ ਮਹਿਲਾ ਵੀ ਪੂਜਾ ਦੇ ਨਾਲ ਹੀ ਸੌਂ ਗਈ ਸੀ। ਵੀਰਵਾਰ ਸਵੇਰੇ ਲਗਭਗ 4 ਵਜੇ ਜਦੋਂ ਉਹ ਉਠੀ ਤਾਂ ਉਸ ਦਾ ਬੱਚਾ ਆਦਿਤਿਆ ਲਾਪਤਾ ਸੀ। ਇੱਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੋਂ ਪਤਾ ਲੱਗਿਆ ਕਿ ਬੱਚੇ ਨੂੰ ਇੱਕ ਮਹਿਲਾ ਚੁੱਕ ਕੇ ਲੈ ਗਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਕੇਸ ਦਰਜ ਕੀਤਾ ਹੈ ਪਰ ਹੁਣ ਤਕ ਬੱਚਾ ਲਿਜਾਣ ਵਾਲੀ ਮਹਿਲਾ ਦੀ ਸ਼ਨਾਖ਼ਤ ਨਹੀਂ ਹੋ ਸਕੀ ਹੈ। ਪੁਲੀਸ ਦੇ ਵਧੀਕ ਡਿਪਟੀ ਕਮਿਸ਼ਨਰ ਜੇ.ਐੱਸ. ਵਾਲੀਆ ਨੇ ਦੱਸਿਆ ਕਿ ਪੁਲੀਸ ਵਲੋਂ ਮੁਲਜ਼ਮ ਮਹਿਲਾ ਦੀ ਭਾਲ ਲਈ ਸੰਭਵ ਯਤਨ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ ਅਗਵਾ ਪਿੱਛੇ ਕਾਰਨਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ ਪਰ ਹੁਣ ਤਕ ਇਸ ਮਾਮਲੇ ਵਿਚ ਕੋਈ ਸਫਲਤਾ ਹੱਥ ਨਹੀਂ ਲੱਗੀ ਹੈ। ਉਨ੍ਹਾਂ ਆਖਿਆ ਕਿ ਇਹ ਅਤੇ ਇਸ ਤੋਂ ਪਹਿਲਾਂ ਵਾਪਰੀਆਂ ਅਜਿਹੀਆਂ ਘਟਨਾਵਾਂ ਵਿਚ ਬੱਚਾ ਅਗਵਾ ਕਰਨ ਵਾਲੇ ਗਰੋਹ ਦੀ ਸ਼ਮੂਲੀਅਤ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਉਨ੍ਹਾਂ ਖ਼ਦਸ਼ਾ ਪ੍ਰਗਟਾਇਆ ਕਿ ਕਈ ਅਜਿਹੀਆਂ ਔਰਤਾਂ, ਜਿਨ੍ਹਾਂ ਦੇ ਬੱਚਾ ਨਹੀਂ ਹੁੰਦਾ, ਉਹ ਧਾਰਮਿਕ ਅਸਥਾਨ ਤੋਂ ਬੱਚਾ ਚੁੱਕ ਸਕਦੀਆਂ ਹਨ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਵਰ੍ਹੇ ਫਰਵਰੀ ਵਿਚ ਚਾਰ ਸਾਲ ਦੇ ਬੱਚੇ ਦਮਨਪ੍ਰੀਤ ਸਿੰਘ ਨੂੰ ਅਗਵਾ ਕੀਤਾ ਗਿਆ ਸੀ। ਉਸ ਦੀ ਮਾਂ ਸਿਮਰਜੀਤ ਕੌਰ ਆਪਣੇ ਤਿੰਨ ਬੱਚਿਆਂ ਨਾਲ ਅਜਨਾਲਾ ਨੇੜਲੇ ਪਿੰਡ ਤੋਂ ਇੱਥੇ ਰਹਿਣ ਆਈ ਸੀ। ਇਸ ਦੌਰਾਨ ਉਸ ਦਾ ਬੱਚਾ ਲਾਪਤਾ ਹੋ ਗਿਆ, ਜੋ ਮਗਰੋਂ ਜਲੰਧਰ ਬੱਸ ਅੱਡੇ ਤੋਂ ਲਾਵਾਰਸ ਹਾਲਤ ਵਿਚ ਮਿਲਿਆ ਸੀ। ਇਸੇ ਤਰ੍ਹਾਂ ਜੂਨ 2016 ਵਿਚ ਇਕ ਔਰਤ ਨੇ ਪੰਜ ਸਾਲ ਦੇ ਬੱਚੇ ਵਿਸ਼ੂ ਨੂੰ ਅਗਵਾ ਕੀਤਾ ਸੀ। ਇਹ ਬੱਚਾ ਆਪਣੇ ਮਾਪਿਆਂ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਆਇਆ ਸੀ। ਲੰਗਰ ਘਰ ਵੱਲ ਜਾਂਦਿਆਂ ਇਹ ਬੱਚਾ ਲਾਪਤਾ ਹੋ ਗਿਆ ਸੀ। ਕੇਸ ਦਰਜ ਹੋਣ ਮਗਰੋਂ ਜਦੋਂ ਪੁਲੀਸ ਦਾ ਦਬਾਅ ਵਧਿਆ ਤਾਂ ਤਿੰਨ ਦਿਨਾਂ ਬਾਅਦ ਇਕ ਜੋੜੇ ਨੇ ਪੁਲੀਸ ਕੋਲ ਇਸ ਬੱਚੇ ਨੂੰ ਸੌਂਪਿਆ ਸੀ ਅਤੇ ਬੱਚਾ ਲਾਵਾਰਸ ਹਾਲਤ ਵਿਚ ਮਿਲਣ ਦਾ ਦਾਅਵਾ ਕੀਤਾ ਸੀ। ਇਸੇ ਤਰ੍ਹਾਂ ਜੂਨ 2013 ਵਿਚ ਸਾਢੇ ਤਿੰਨ ਸਾਲ ਦਾ ਗੁਰਮਿਲਾਪ ਸਿੰਘ ਨਾਂ ਦਾ ਬੱਚਾ ਅਗਵਾ ਹੋਇਆ ਸੀ। ਇਹ ਬੱਚਾ ਵੀ ਪੁਲੀਸ ਦਬਾਅ ਵਧਣ ਤੋਂ ਬਾਅਦ ਅਗਵਾਕਾਰਾਂ ਨੇ ਛੱਡ ਦਿੱਤਾ ਸੀ।