ਗੁਰੂ ਨਾਨਕ ਮਹੱਲ ਢਾਹੇ ਜਾਣ ਸਬੰਧੀ ਅਫਵਾਹ ਦਾ ਖੰਡਨ

ਪਾਕਿਸਤਾਨ ਵਿਚ ਇਤਿਹਾਸਕ ਇਮਾਰਤ ਗੁਰੂ ਨਾਨਕ ਮਹੱਲ ਨੂੰ ਢਾਹੇ ਜਾਣ ਦੀਆਂ ਖ਼ਬਰਾਂ ਨੇ ਸਿੱਖ ਜਗਤ ਵਿਚ ਨਿਰਾਸ਼ਾ ਭਰ ਦਿੱਤੀ ਸੀ, ਪਰ ਪਾਕਿਸਤਾਨੀ ਪੰਜਾਬੀ ਸਾਹਿਤਕਾਰ ਅਹਿਸਨ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਕਰ ਕੇ ਜਿਥੇ ਗੁੰਮਰਾਹਕੁਨ ਪ੍ਰਚਾਰ ਦਾ ਖੰਡਨ ਕੀਤਾ ਹੈ, ਉਥੇ ਇਸ ਘਟਨਾ ਦੀ ਸੱਚਾਈ ਨੂੰ ਜੱਗ-ਜ਼ਾਹਿਰ ਕਰ ਕੇ ਲੋਕਾਂ ਨੂੰ ਸੰਜਮ ਤੋਂ ਕੰਮ ਲੈਣ ਦੀ ਅਪੀਲ ਕੀਤੀ ਹੈ। ਸਾਹਿਤਕਾਰ ਬਾਜਵਾ ਨੇ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਵੀਡੀਓ ਵਿਚ ਦੱਸਿਆ ਕਿ ਪਾਕਿਸਤਾਨ ਦੇ ਨਾਰੋਵਾਲ ਜ਼ਿਲ੍ਹੇ ਦੇ ਪਿੰਡ ਬਾਠਾਂ ਵਾਲਾ ਵਿਚ ਵੰਡ ਤੋਂ ਪਹਿਲਾਂ ਸਿੱਖਾਂ ਦੀ ਕਾਫ਼ੀ ਆਬਾਦੀ ਸੀ ਤੇ ਇਸ ਪਿੰਡ ਵਿਚ ਭਿੰਡਰ ਗੋਤ ਦੇ ਜੱਟ ਵਸਦੇ ਸਨ। ਅੱਜ ਜਿਹੜੀ ਇਤਿਹਾਸਕ ਇਮਾਰਤ ਨੂੰ ਗੁਰੁੂ ਨਾਨਕ ਮਹੱਲ ਕਹਿ ਕੇ ਪ੍ਰਚਾਰਿਆ ਗਿਆ ਹੈ, ਉਸ ਦਾ ਸਬੰਧ ਮਹਾਰਾਜਾ ਰਣਜੀਤ ਸਿੰਘ ਕਾਲ ਨਾਲ ਹੈ। ਇਸ ਹਵੇਲੀ ਦੀ ਉਸਾਰੀ ਰਣਜੀਤ ਸਿੰਘ ਦੇ ਜਾਣਕਾਰ ਵੱਲੋਂ ਕਰਵਾਈ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਇਮਾਰਤ ਨੂੰ ਇਲਾਕੇ ਵਿਚ ਸਰਦਾਰਾਂ ਦੀ ਹਵੇਲੀ ਕਿਹਾ ਜਾਂਦਾ ਹੈ। ਉਨ੍ਹਾਂ ਖ਼ੁਦ ਇਸ ਇਮਾਰਤ ਦਾ ਦੌਰਾ ਕਰ ਕੇ ਦੇਖਿਆ ਹੈ। ਅਲਾਟਮੈਂਟ ਦੌਰਾਨ ਇਹ ਇਮਾਰਤ ਹਿਮਾਚਲ ਤੋਂ ਆਏ ਗੁੱਜਰ ਬਰਾਦਰੀ ਨਾਲ ਸਬੰਧਤ ਲੋਕਾਂ ਨੂੰ ਅਲਾਟ ਹੋਈ ਸੀ, ਜਿਸ ਦੀਆਂ ਛੱਤਾਂ ਗਲ ਕੇ ਢਹਿ ਰਹੀਆਂ ਸਨ। ਗਰੀਬ ਪਰਿਵਾਰ ਨੇ ਹੋਰ ਥਾਂ ਮਕਾਨ ਕਿਰਾਏ ’ਤੇ ਲੈ ਕੇ ਇਥੇ ਨਵੀਂ ਉਸਾਰੀ ਕਰਵਾਉਣੀ ਸ਼ੁਰੂ ਕੀਤੀ ਹੈ, ਪਰ ਸ਼ਰੀਕੇਬਾਜ਼ੀ ਕਰ ਕੇ ਕੁਝ ਸਥਾਨਕ ਲੋਕ ਮੀਡੀਆ ਰਾਹੀਂ ਗੁਰਦੁਆਰਾ ਤੇ ਮੰਦਿਰ ਦੱਸਣ ਦੇ ਨਾਲ-ਨਾਲ ਇਸ ਨੂੰ ਗੁਰੂ ਨਾਨਕ ਮਹੱਲ ਦੱਸ ਕੇ ਗੁਮਰਾਹਕੁਨ ਪ੍ਰਚਾਰ ਕਰਨ ਅਤੇ ਸਿੱਖਾਂ ਦੀਆਂ ਭਾਵਨਾਵਾਂ ਭੜਕਾ ਕੇ ਉਨ੍ਹਾਂ ਦੇ ਮਨਾਂ ਵਿਚ ਪਾਕਿਸਤਾਨ ਪ੍ਰਤੀ ਨਫ਼ਰਤ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।