ਗੁਰੂਘਰ ਵੇਖਣ ਵਾਲੀਆਂ ਦੂਰਬੀਨਾਂ ਹਟਾਈਆਂ, ਸ਼ਰਧਾਲੂ ਪਰੇਸ਼ਾਨ

ਡੇਰਾ ਬਾਬਾ ਨਾਨਕ ’ਚ ਭਾਰਤ–ਪਾਕਿਸਤਾਨ ਸਰਹੱਦ ਉੱਤੇ ਬਣਿਆ ਕਰਤਾਰਪੁਰ ਸਾਹਿਬ (ਪਾਕਿਸਤਾਨ) ਵਿੱਚ ਬਣੇ ਗੁਰਦੁਆਰਾ ਸਾਹਿਬ ਨੂੰ ਵੇਖਣ ਲਈ ਵਿਸ਼ੇਸ਼ ਅਸਥਾਨ ਉੱਤੇ ਪੁੱਜਣ ਵਾਲੀ ਸੰਗਤ ਹੁਣ ਨਿਰਾਸ਼ ਹੋ ਕੇ ਪਰਤ ਰਹੀ ਹੈ ਕਿਉਂਕਿ ਇੱਥੇ ਲੱਗੀਆਂ ਤਿੰਨ ਦੂਰਬੀਨਾਂ ਹੁਣ ਹਟਾ ਦਿੱਤੀਆਂ ਗਈਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਹੀ ਸੰਗਤ ਹੁਣ ਤੱਕ ਕਰਤਾਰਪੁਰ ਸਾਹਿਬ ਗੁਰੂਘਰ ਦੇ ਦਰਸ਼ਨ ਕਰ ਕੇ ਜੀਵਨ ਸਫ਼ਲਾ ਕਰਦੀ ਰਹੀ ਹੈ। ਪਰ ਪਿਛਲੇ ਕੁਝ ਦਿਨਾਂ ਤੋਂ ਇੱਥੋਂ ਦੂਰਬੀਨਾਂ ਹਟਾ ਦਿੱਤੀਆਂ ਗਈਆਂ ਹਨ। ਇਸ ਮਾਮਲੇ ਵਿੱਚ ਹੈਰਾਨੀ ਦੀ ਗੱਲ ਇਹ ਹੈ ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਇਹ ਦੱਸਣ ਲਈ ਤਿਆਰ ਹੀ ਨਹੀਂ ਹੈ ਕਿ ਇਹ ਦੂਰਬੀਨਾਂ ਕਿਸ ਨੇ ਤੇ ਕਿਉਂ ਹਟਾਈਆਂ ਹਨ। ਇਸ ਅਸਥਾਨ ਉੱਤੇ 24 ਘੰਟੇ ਬੀਐੱਸਐੱਫ਼ ਦੇ ਜਵਾਨਾਂ ਦਾ ਪਹਿਰਾ ਰਹਿੰਦਾ ਹੈ। ‘ਜਾਗ੍ਰਿਤੀ ਲਹਿਰ’ ਵੱਲੋਂ ਪ੍ਰਕਾਸ਼ਿਤ ਜਤਿੰਦਰ ਕੁੰਡਲ ਦੀ ਰਿਪੋਰਟ ਮੁਤਾਬਕ ਪਹਿਲਾਂ ਸ਼ਰਧਾਲੂਆਂ ਲਈ ਇੱਕ ਦੂਰਬੀਨ ਲਗਵਾਈ ਸੀ ਤੇ ਬਾਅਦ ’ਚ ਦੋ ਦੂਰਬੀਨਾਂ ਪੰਜਾਬ ਸਰਕਾਰ ਨੇ ਲਗਵਾਈਆਂ ਸਨ। ਹੁਣ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਦਾ ਕਹਿਣਾ ਹੈ ਕਿ ਜਦੋਂ ਤੱਕ ਕਰਤਾਰਪੁਰ ਸਾਹਿਬ ਦਾ ਲਾਂਘਾ ਤਿਆਰ ਨਹੀਂ ਹੋ ਜਾਂਦਾ, ਤਦ ਤੱਕ ਇਹ ਦੂਰਬੀਨਾਂ ਲੱਗੀਆਂ ਰਹਿਣ ਦੇਣੀਆਂ ਚਾਹੀਦੀਆਂ ਹਨ। ਇਨ੍ਹਾਂ ਦੂਰਬੀਨਾਂ ਦੀ ਮਦਦ ਨਾਲ ਗੁਰੂਘਰ ਦੇ ਦਰਸ਼ਨ ਬਹੁਤ ਵਧੀਆ ਢੰਗ ਨਾਲ ਹੋ ਜਾਂਦੇ ਸਨ ਪਰ ਹੁਣ ਔਖਾ ਹੋ ਗਿਆ ਹੈ।