ਜ਼ਿਲ੍ਹਾ ਪੁਲਿਸ ਨੇ ਵਾਹਨ ਚੋਰਾਂ ਵਿਰੁੱਧ ਚਲਾਈ ਇੱਕ ਵਿਸ਼ੇਸ਼ ਮੁਹਿੰਮ

ਹੁਸ਼ਿਆਰਪੁਰ: ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਚੋਰੀ ਦੀਆਂ ਘਟਨਾਵਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ। ਇਸ ਦੇ ਜਵਾਬ ਵਿੱਚ, ਜ਼ਿਲ੍ਹਾ ਪੁਲਿਸ ਵਾਹਨ ਚੋਰਾਂ ਵਿਰੁੱਧ ਇੱਕ ਵਿਸ਼ੇਸ਼ ਮੁਹਿੰਮ ਚਲਾ ਰਹੀ ਹੈ। ਇਹ ਕਾਰਵਾਈ ਸੀਨੀਅਰ ਪੁਲਿਸ ਕਪਤਾਨ ਸੰਦੀਪ ਕੁਮਾਰ, ਆਈ.ਪੀ.ਐਸ. ਦੇ ਨਿਰਦੇਸ਼ਾਂ ‘ਤੇ ਕੀਤੀ ਜਾ ਰਹੀ ਹੈ।ਇਸ ਮੁਹਿੰਮ ਦੇ ਹਿੱਸੇ ਵਜੋਂ, ਇੱਕ ਪੁਲਿਸ ਟੀਮ ਹਾਜੀਪੁਰ ਟੀ-ਪੁਆਇੰਟ ‘ਤੇ ਸ਼ਿਫਟਿੰਗ ਨਾਕਾਬੰਦੀ ਕਰਕੇ ਸ਼ੱਕੀ ਵਿਅਕਤੀਆਂ ਅਤੇ ਵਾਹਨਾਂ ਦੀ ਜਾਂਚ ਕਰ ਰਹੀ ਸੀ। ਇਸ ਦੌਰਾਨ, ਪੁਲਿਸ ਨੂੰ ਇੱਕ ਮੁਖਬਰ ਤੋਂ ਸੂਚਨਾ ਮਿਲੀ ਕਿ ਮਾਸੂਮ ਅਲੀ ਉਰਫ਼ ਅੰਮੂ ,ਨਿਵਾਸੀ ਸੰਧਵਾਲ ,ਵੱਖ-ਵੱਖ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰਕੇ ਵੇਚਦਾ ਹੈ ਅਤੇ ਉਹ ਅੱਜ ਸੰਧਵਾਲ ਦੀ ਤਰਫੋਂ ਪਾਵਰ ਕਲੋਨੀ ਹਾਜੀਪੁਰ ਵੱਲ ਆ ਰਿਹਾ ਹੈ । ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਸਲੈਂਡਰ ਪਾਵਰ ਹਾਊਸ ਮੋੜ ‘ਤੇ ਨਾਕਾਬੰਦੀ ਦੇ ਦੌਰਾਨ ਬਿਨਾਂ ਨੰਬਰ ਪਲੇਟ ਦੀ ਮੋਟਰਸਾਈਕਲ ਦੇ ਨਾਲ ਦੋਸ਼ੀ ਮਾਸੂਮ ਅਲੀ ਨੂੰ ਗ੍ਰਿਫ਼ਤਾਰ ਕਰ ਲਿਆ। ।ਪੁਲਿਸ ਨੇ ਦੋਸ਼ੀ ਦੇ ਖ਼ਿਲਾਫ਼ ਬੀ.ਐਨ.ਐਸ. ਦੇ ਤਹਿਤ ਥਾਣਾ ਹਾਜੀਪੁਰ ,ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਮਾਮਲਾ ਦਰਜ ਕਰ ਲਿਆ ਹੈ।ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਭਰਾ ਸ਼ਰੀਫ ਨਾਲ ਮਿਲ ਕੇ ਵੱਖ-ਵੱਖ ਇਲਾਕਿਆਂ ਤੋਂ ਮੋਟਰਸਾਈਕਲ ਚੋਰੀ ਕਰਦਾ ਸੀ ਅਤੇ ਹਾਜੀਪੁਰ ਇਲਾਕੇ ਵਿੱਚ ਵੇਚਦਾ ਸੀ। ਪੁਲਿਸ ਨੇ ਮੁਲਜ਼ਮ ਦੀ ਜਾਣਕਾਰੀ ਦੇ ਆਧਾਰ ‘ਤੇ ਲਗਭਗ 10 ਬਿਨਾਂ ਨੰਬਰ ਵਾਲੇ ਮੋਟਰਸਾਈਕਲ ਬਰਾਮਦ ਕੀਤੇ ਹਨ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਰਿਮਾਂਡ ‘ਤੇ ਲੈਣ ਨਾਲ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ। ਅਗਲੀ ਕਾਰਵਾਈ ਤੋਂ ਬਾਅਦ, ਪੁਲਿਸ ਨੇ ਮੁਲਜ਼ਮ ਦੇ ਭਰਾ ਸ਼ਰੀਫ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।