ਲੁਧਿਆਣਾ ਦੇ ਥਾਣਾ ਜੋਧੇਵਾਲ ਦੇ ਇਲਾਕੇ ’ਚ ਵਾਪਰਿਆ ਦਰਦਨਾਕ ਹਾਦਸਾ, 2 ਲੋਕਾਂ ਦੀ ਮੌਤ

ਲੁਧਿਆਣਾ : ਥਾਣਾ ਜੋਧੇਵਾਲ ਦੇ ਇਲਾਕੇ ਵਿੱਚ ਬੀਤੀ ਰਾਤ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੂੰ ਇੱਕ ਅਣਪਛਾਤੇ ਵਾਹਨ ਡਰਾਈਵਰ ਨੇ ਟੱਕਰ ਮਾਰ ਦਿੱਤੀ, ਜਿਸ ਦੇ ਕਾਰਨ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਦੌਰਾਨ ਤੀਜਾ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਅਤੇ ਉਸਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਉਪਰੋਕਤ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਜਾਂਚ ਅਧਿਕਾਰੀ ਐਸ.ਐਚ.ਓ. ਜਸਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨਾਂ ਦੀ ਪਛਾਣ ਕਾਲੀ ਸੜਕ ਦੇ ਵਾਸੀ ਸਗੇ ਭਰਾ ਦਮੋਦਰ (21) ਅਤੇ ਸ਼ਿਵ ਮੋਹਨ (28) ਦੇ ਰੂਪ ਵਿੱਚ ਹੋਈ ਹੈ, ਜਦੋਂ ਕਿ ਗੰਭੀਰ ਜ਼ਖਮੀ ਨੌਜਵਾਨ ਦੀ ਪਛਾਣ ਮਨੋਜ ਕੁਮਾਰ (27) ਵਾਸੀ ਆਜ਼ਾਦ ਨਗਰ ਦੇ ਰੂਪ ਵਿੱਚ ਕੀਤੀ ਗਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਅਣਪਛਾਤੇ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।