ਫਿਰੋਜ਼ਪੁਰ ਰੋਡ ‘ਤੇ ਐਮ.ਬੀ.ਡੀ. ਮਾਲ ਦੇ ਸਾਹਮਣੇ BMW ਕਾਰ ’ਚ ਅਚਾਨਕ  ਲੱਗੀ ਅੱਗ

ਲੁਧਿਆਣਾ : ਫਿਰੋਜ਼ਪੁਰ ਰੋਡ ‘ਤੇ ਬੀਤੀ ਦੇਰ ਰਾਤ ਐਮ.ਬੀ.ਡੀ. ਮਾਲ ਦੇ ਸਾਹਮਣੇ ਤੋਂ ਲੰਘ ਰਹੀ ਇੱਕ BMW X1 ਕਾਰ ਵਿੱਚ ਅਚਾਨਕ ਅੱਗ ਲੱਗ ਗਈ। ਕਾਰ ਚਲਾ ਰਹੇ ਨੌਜਵਾਨ ਆਕਰਸ਼ਿਤ ਨੇ ਜਿਵੇਂ ਹੀ ਬੋਨਟ ਤੋਂ ਧੂੰਆਂ ਉੱਠਦਾ ਦੇਖਿਆ ਤੁਰੰਤ ਸੂਝ-ਬੂਝ ਦਿਖਾਉਂਦੇ ਹੋਏ ਵਾਹਨ ਨੂੰ ਏਬੀ ਲਿਕਵਿਡ ਸ਼ਰਾਬ ਠੇਕੇ ਦੇ ਬਾਹਰ ਰੋਕ ਦਿੱਤਾ। ਕੁਝ ਹੀ ਸੈਕਿੰਡਾਂ ਵਿੱਚ ਕਾਰ ਦੇ ਅੱਗੇ ਵਾਲੇ ਹਿੱਸੇ ਤੋਂ ਲੱਗੀ ਅੱਗ ਤੇਜ਼ ਲਪਟਾਂ ਵਿੱਚ ਬਦਲ ਗਈ। ਮੌਕਾ ਦੇਖਦੇ ਹੀ ਆਕਰਸ਼ਿਤ ਅਤੇ ਉਸਦੇ ਨਾਲ ਬੈਠੀ ਇੱਕ ਯੁਵਤੀ ਛੇਤੀ ਨਾਲ ਕਾਰ ਤੋਂ ਬਾਹਰ ਨਿਕਲੇ ਅਤੇ ਆਪਣੀ ਜਾਨ ਬਚਾਈ।ਪਹਿਲਾਂ ਅੱਗ ਕਾਰ ਦੇ ਅਗਲੇ ਹਿੱਸੇ ਲੱਗੀ ਅਤੇ ਫਿਰ ਦੇਖਦੇ ਹੀ ਦੇਖਦੇ ਕੁਝ ਹੀ ਮਿੰਟਾਂ ਵਿੱਚ ਪੂਰੀ ਕਾਰ ਅੱਗ ਦੇ ਗੋਲੇ ਵਿੱਚ ਤਬਦੀਲ ਹੋ ਗਈ। ਅੱਗ ਦੀਆਂ ਲਪਟਾਂ ਇੰਨੀਆਂ ਸਨ ਕਿ ਰਾਹਗੀਰਾਂ ਨੂੰ ਦੂਰ ਖੜ੍ਹਾ ਹੋਣਾ ਪਿਆ। ਮੌਕੇ ‘ਤੇ ਮੌਜੂਦ ਲੋਕ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਰਹੇ ਪਰ ਅੱਗ ਤੇਜ਼ੀ ਨਾਲ ਫੈਲਦੀ ਗਈ। ਕਾਰ ਦੇ ਕੋਲ ਹੀ ਆਂਡੇ ਦੀ ਦੁਕਾਨ ਲਾਉਣ ਵਾਲੇ ਅਜੇ ਨੇ ਵੀ ਹਿੰਮਤ ਸਾਹਸ ਦਿਖਾਉਦੇ ਹੋਏ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ। ਪਰ ਅੱਗ ਇੰਨੀ ਤੇਜ਼ ਸੀ ਕਿ ਉਨ੍ਹਾਂ ਦੇ ਕੋਸ਼ਿਸ਼ਾਂ ਬੇਅਸਰ ਰਹੀਆਂ । ਅੱਗ ਦਾ ਭਿਆਨਕ ਰੂਪ ਦੇਖਦੇ ਹੋਏ ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।ਕਰੀਬ ਰਾਤ 11:36 ਵਜੇ ਲੋਕਲ ਅੱਡੇ ਸਥਿਤ ਫਾਇਰ ਬ੍ਰਿਗੇਡ ਕੰਟਰੋਲ ਰੂਮ ਨੂੰ ਘਟਨਾ ਦੀ ਸੂਚਨਾ ਮਿਲੀ। ਸੂਚਨਾ ਮਿਲਦੇ ਹੀ ਫਾਇਰ ਟੈਂਡਰ ਮੌਕੇ ਵੱਲ ਰਵਾਨਾ ਹੋਇਆ। ਫਾਇਰਮੈਨ ਰਮਨ ਕੁਮਾਰ ਨੇ ਦੱਸਿਆ ਕਿ ਜਦੋਂ ਉਹ ਮੌਕੇ ‘ਤੇ ਪਹੁੰਚੇ ਤਾਂ ਕਾਰ ‘ਚੋਂ ਉੱਚੀਆਂ-ਉੱਚੀਆਂ ਲਪਟਾਂ ਉੱਠ ਰਹੀਆਂ ਸਨ। ਟੀਮ ਨੇ ਤੇਜ਼ੀ ਦਿਖਾਉਂਦੇ ਹੋਏ ਪਾਣੀ ਦੀ ਤੇਜ਼ ਧਾਰ ਨਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ। ਲਗਭਗ ਕੁਝ ਮਿੰਟਾਂ ਦੀ ਕੋਸ਼ਿਸ਼ ਤੋਂ ਬਾਅਦ ਅੱਗ ਕਾਬੂ ਕਰ ਲਈ ਗਈ ਪਰ ਉਦੋ ਤੱਕ ਕਾਰ ਪੂਰੀ ਤਰ੍ਹਾਂ ਸੜ ਕੇ  ਰਾਖ ਹੋ ਚੁੱਕੀ ਸੀ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚਲ ਪਿਆ ਹੈ। ਸ਼ੁਰੂ ਵਿੱਚ, ਸ਼ਾਰਟ ਸਰਕਟ ਜਾਂ ਇੰਜਣ ਨਾਲ ਜੁੜੀ  ਤਕਨੀਕੀ ਖਰਾਬੀ ਨੂੰ ਮੰਨਿਆ ਜਾ ਰਿਹਾ ਹੈ ਪਰ ਅੰਤਿਮ ਪੁਸ਼ਟੀ ਜਾਂਚ ਦੇ ਬਾਅਦ ਹੋਵੇਗੀ।