ਕਰਤਾਰਪੁਰ ਲਾਂਘੇ ਬਾਰੇ ਪਾਿਕ ਨਾਲ ਸੰਪਰਕ: ਬਿਸਾੜੀਆ

ਪਾਕਿਸਤਾਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੈ ਬਿਸਾੜੀਆ ਨੇ ਕਿਹਾ ਕਿ ਦੋਵਾਂ ਮੁਲਕਾਂ ਵਿੱਚ ਬੰਦ ਪਏ ਸਿਆਸੀ ਸੰਵਾਦ ਨੂੰ ਮੁੜ ਸ਼ੁਰੂ ਕਰਨਾ ਹਾਲ ਦੀ ਘੜੀ ਮੁਸ਼ਕਲ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਆਗਾਮੀ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਸੰਵਾਦ ਦੀ ਗੱਲ ਅੱਗੇ ਤੁਰ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘੇ ਨੂੰ ਲੈ ਕੇ ਦੋਵੇਂ ਮੁਲਕ ਵਿੱਚ ਇਕ ਦੂਜੇ ਦੇ ਸੰਪਰਕ ਵਿੱਚ ਹਨ ਅਤੇ ਨਵੀਂ ਦਿੱਲੀ ਲਾਂਘੇ ਨੂੰ ਲੈ ਕੇ ਆਪਣੇ ਵੱਲੋਂ ਪਹਿਲਾਂ ਹੀ ਸਬੰਧਤ ਅਧਿਕਾਰੀ ਦੀ ਨਿਯੁਕਤੀ ਕਰ ਚੁੱਕਾ ਹੈ। ਸ੍ਰੀ ਬਿਸਾੜੀਆ ਨੇ ਇਹ ਟਿੱਪਣੀਆਂ ਲੰਘੇ ਦਿਨ ਭਾਰਤ ਦੇ 70ਵੇਂ ਗਣਤੰਤਰ ਦਿਹਾੜੇ ਦੇ ਜਸ਼ਨਾਂ ਲਈ ਰੱਖੀ ਰਿਸੈਪਸ਼ਨ ਮੌਕੇ ਸੱਦੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕੀਤੀਆਂ। ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਭਾਰਤ ਨੇ ਕਰਤਾਪੁਰ ਲਾਂਘੇ ਬਾਰੇ ਬੁਨਿਆਦੀ ਨੁਕਤਿਆਂ (ਸਿਫ਼ਰ-ਨੁਕਤੇ ਨੂੰ ਛੱਡ ਕੇ) ਲਈ ਸਹਿਮਤੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਦੋਵਾਂ ਮੁਲਕਾਂ ਨੇ ਕਰਤਾਰਪੁਰ ਲਾਂਘੇ ਬਾਰੇ ਇਕ ਦੂਜੇ ਨਾਲ ਰਾਬਤਾ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ, ‘ਇਸ ਬਾਰੇ (ਕਰਤਾਰਪੁਰ ਲਾਂਘਾ) ਕਈ ਮੀਟਿੰਗਾਂ ਹੋ ਚੁੱਕੀਆਂ ਹਨ।’ ਦੋਵਾਂ ਮੁਲਕਾਂ ਵਿਚਾਲੇ ਅਗਲੇ ਦਿਨਾਂ ’ਚ ਗੱਲਬਾਤ ਮੁੜ ਸ਼ੁਰੂ ਹੋਣ ਦੀਆਂ ਸੰਭਾਵਨਾਵਾਂ ਤੋਂ ਇਨਕਾਰ ਕਰਦਿਆਂ ਸ੍ਰੀ ਬਿਸਾੜੀਆ ਨੇ ਕਿਹਾ, ‘ਭਾਰਤ ਵਿੱਚ ਆਗਾਮੀ ਲੋਕ ਸਭਾ ਚੋਣਾਂ ਕਰਕੇ ਦੁਵੱਲੇ ਸਿਆਸੀ ਰਿਸ਼ਤਿਆਂ ਦੀ ਗੱਲ ਤੁਰਨੀ ਹਾਲ ਦੀ ਘੜੀ ਮੁਸ਼ਕਲ ਜਾਪਦੀ ਹੈ।’ ਭਾਰਤੀ ਹਾਈ ਕਮਿਸ਼ਨਰ ਨੇ ਕਿਹਾ ਕਿ ਸਿਆਸੀ ਸੰਵਾਦ ਮੁੜ ਸ਼ੁਰੂ ਕਰਨ ਤੋਂ ਪਹਿਲਾਂ ਦੋਵਾਂ ਮੁਲਕਾਂ ਵਿਚਾਲੇ ਭਰੋਸਾ ਬਹਾਲੀ ਬਹੁਤ ਜ਼ਰੂਰੀ ਹੈ। ਭਾਰਤੀ ਹਾਈ ਕਮਿਸ਼ਨ ਵਿੱਚ ਹੋਈ ਇਸ ਰਿਸੈਪਸ਼ਨ ਵਿੱਚ ਸਿਆਸਦਾਨ, ਸੰਸਦ ਮੈਂਬਰ, ਸਫ਼ੀਰ, ਪੱਤਰਕਾਰ, ਕਾਰੋਬਾਰੀ ਤੇ ਸਿਵਲ ਸੁਸਾਇਟੀ ਦੇ ਨੁਮਾਇੰਦੇ ਮੌਜੂਦ ਸਨ।